ਜਲੰਧਰ (14-05-2025): “ਅੰਤਰਰਾਸ਼ਟਰੀ ਨਰਸ ਦਿਵਸ” ਸੰਬੰਧੀ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ, ਸਿਵਲ ਹਸਪਤਾਲ ਜਲੰਧਰ ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਨਰਸਿੰਗ ਵਿਦਿਆਰਥਣਾਂ ਨੂੰ ਮਾਨਵਤਾ ਦੀ ਸੇਵਾ ਪੂਰੀ ਨਿਸ਼ਠਾ ਅਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਅੰਤਰਰਾਸ਼ਟਰੀ ਨਰਸ ਦਿਵਸ” ਇੱਕ ਵਿਸ਼ਵਵਿਆਪੀ ਸਿਹਤ ਸੰਭਾਲ ਸਮਾਗਮ ਹੈ ਜੋ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਆਧੁਨਿਕ ਨਰਸਿੰਗ ਦੇ ਸੰਸਥਾਪਕ, ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਵਸ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਇਸ ਦਿਵਸ ਦਾ ਵਿਸ਼ਾ ‘ਸਾਡੀਆਂ ਨਰਸਾਂ, ਸਾਡਾ ਭਵਿੱਖ, ਨਰਸਾਂ ਦੀ ਦੇਖਭਾਲ ਅਰਥਵਿਵਸਥਾ ਨੂੰ ਮਜਬੂਤ ਕਰਦੀ ਹੈ” ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਸਿਹਤਮੰਦ ਨਰਸਿੰਗ ਕਾਰਜਬਲ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨ ਦੇ ਨਾਲ-ਨਾਲ ਸਿਹਤ ਸੰਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਦਾਖਿਲ ਮਰੀਜਾਂ ਨੂੰ ਗੰਭੀਰ ਰੋਗਾਂ ਤੋਂ ਛੁਟਕਾਰਾ ਦੁਆਉਣ ਵਿੱਚ ਜਿੱਥੇ ਡਾਕਟਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ, ਉਥੇ ਨਰਸਾਂ ਵਲੋਂ ਮਰੀਜਾਂ ਦੀ ਕੀਤੀ ਗਈ ਦੇਖਭਾਲ ਵੀ ਵਡਮੁੱਲੀ ਹੁੰਦੀ ਹੈ ਅਤੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਆਰਥਿਕਤਾ, ਸਮਾਜ ਅਤੇ ਸੱਭਿਆਚਾਰ ‘ਤੇ ਨਰਸਿੰਗ ਪੇਸ਼ੇ ਦੇ ਪ੍ਰਭਾਵ ਨੂੰ ਮਾਨਤਾ ਦੇਣਾ ਹੈ, ਨਾਲ ਹੀ ਵਿਸ਼ਵ ਪੱਧਰ ‘ਤੇ ਨਰਸਾਂ ਦੀ ਸਵੀਕ੍ਰਿਤੀ, ਸਮਰਥਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਦਿਨ ਸਿਹਤ ਸੇਵਾ ਖੇਤਰ ਵਿੱਚ ਨਰਸਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ।
ਸਮਾਰੋਹ ਦੌਰਾਨ ਨਰਸਿੰਗ ਵਿਦਿਆਰਥਣਾਂ ਵੱਲੋਂ ਕੋਰਿਆਗ੍ਰਾਫੀ ਵਿੱਚ ਵੀ ਫਲੋਰੈਂਸ ਨਾਈਟਿੰਗੇਲ ਦੀ ਜੀਵਨੀ ਨੂੰ ਪ੍ਰਦਰਸ਼ਿਤ ਕਰਦੇ ਹੋਏ ਮਰੀਜਾਂ ਦੀ ਦੇਖਭਾਲ ਅਤੇ ਰੋਗਿਆਂ ਨੂੰ ਮੁੜ ਸਿਹਤਮੰਦ ਬਣਾਉਣ ਵਿੱਚ ਨਰਸਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ। ਇਸ ਉਪਰੰਤ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਵਧੀਆ ਕੰਮ ਕਰਨ ਵਾਲੀਆਂ ਨਰਸਿੰਗ ਟਿਊਟਰ ਅਤੇ ਹੋਨਹਾਰ ਨਰਸਿੰਗ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਐਸ.ਐਮ.ਓ. ਡਾ. ਸਤਿੰਦਰ ਬਜਾਜ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਵਾਈਸ ਪ੍ਰਿੰਸਿਪਲ ਮੈਡਮ ਸੁਨੀਤਾ ਕੁਮਾਰੀ, ਨਰਸਿੰਗ ਸੁਪਰਡੈਂਟ ਜਸਵੀਰ ਕੌਰ, ਨਰਸਿੰਗ ਸਿਸਟਰ ਕਾਂਤਾ, ਨਰਸਿੰਗ ਸਕੂਲ ਦਾ ਸਟਾਫ ਮੈਡਮ ਸੰਜੋਗਿਤਾ, ਨਿਸ਼ਾ, ਰਵਿੰਦਰ ਕੌਰ, ਜਸਵੀਰ ਕੌਰ, ਸੰਦੀਪ, ਕੁਲਬੀਰ, ਰਮਨਦੀਪ ਕੌਰ, ਸੀਤਾ, ਰੀਚਾ ਅਤੇ ਨਰਸਿੰਗ ਵਿਦਿਆਰਥਣਾਂ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।