ਪਟਿਆਲਾ, 22 ਫ਼ਰਵਰੀ: ਸੀਨੀਅਰ ਸਿੱਖ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਸਿੱਖ ਜਗਤ ਖਾਸ ਕਰ ਕੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਿਛਲੀ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਨੂੰ ਅਮਲ ਵਿਚ ਲਿਆਉਣ ਦੇ ਰਾਹ ਵਿਚ ਰੋੜਾ ਬਣੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਧੜੇ ਦਾ ਮੁਕੰਮਲ ਬਾਈਕਾਟ ਕਰਨ।
ਜਥੇਦਾਰ ਪੰਜੋਲੀ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅੱਜ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈ ਕੇ ਸੱਤ ਮੈਂਬਰੀ ਕਮੇਟੀ ਰਾਹੀਂ ਭਰਤੀ ਕਰਨ ਦਾ ਕੰਮ ਸ਼ੁਰੂ ਕਰਨ ਦੀ ਕੀਤੀ ਗਈ ਅਪੀਲ ਤੋਂ ਸਪਸ਼ਟ ਹੈ ਕਿ ਉਹਨਾਂ ਨੂੰ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਕੀਤੀ ਗਈ ਭਰਤੀ ਬੋਗਸ ਹੈ। ਉਹਨਾਂ ਕਿਹਾ ਕਿ ਇਸ ਭਰਤੀ ਦੇ ਅਧਾਰ ਉਤੇ ਖੜਾ ਕੀਤਾ ਜਾਣ ਵਾਲਾ ਅਕਾਲੀ ਦਲ ਵੀ ਬੋਗਸ ਅਕਾਲੀ ਦਲ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਜਥੇਦਾਰ ਸਾਹਿਬ ਵਲੋਂ ਖਿੱਚੀ ਗਈ ਲਕੀਰ ਤੋਂ ਬਾਅਦ ਇਹ ਹੁਣ ਸਿੱਖਾਂ ਨੇ ਵੇਖਣਾ ਹੈ ਕਿ ਉਹਨਾਂ ਨੇ ‘ਗੁਰਮੁਖਾਂ’ ਨਾਲ ਖੜਣਾ ਹੈ ਜਾਂ ‘ਮਨਮੁੱਖਾਂ’ ਦਾ ਸਾਥ ਦੇਣਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਅਪੀਲ ਪ੍ਰਵਾਨਦਿਆਂ ਆਪਣਾ ਅਸਤੀਫ਼ਾ ਵਾਪਸ ਲੈ ਕੇ ਅਕਾਲੀ ਦਲ ਦੀ ਭਰਤੀ ਦਾ ਕੰਮ ਸ਼ੁਰੂ ਕਰਨ ਤਾਂ ਕਿ ‘ਬੋਗਸ ਅਕਾਲੀ ਦਲ’ ਦੇ ਮੁਕਾਬਲੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰੱਪਿਤ ‘ਅਸਲ ਅਕਾਲੀ ਦਲ’ ਸਥਾਪਤ ਕੀਤਾ ਜਾ ਸਕੇ। ਉਹਨਾਂ ਭੰਗ ਹੋ ਚੁੱਕੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਦਫ਼ਤਰ ਦੇ ਹੋਰ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤਾਂ ਕਿ ਭਰਤੀ ਦਾ ਅਮਲ ਸੁਚਾਰੂ ਢੰਗ ਨਾਲ ਸਿਰੇ ਚੜਾਇਆ ਜਾ ਸਕੇ।
ਜਥੇਦਾਰ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਲੋਂ ਆਪਣੇ ਵਲੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਮਿੱਥ ਕੇ ਜਥੇਦਾਰ ਰਘਬੀਰ ਸਿੰਘ ਨੂੰ ਉਸ ਵਿਚ ਹੀ ਸੀਮਤ ਰਹਿਣ ਲਈ ਕਹਿਣ ਨੂੰ ਸਿਖ ਪੰਥ ਦੀ ਇਸ ਸਰਬਉਚ ਸੰਸਥਾ ਤੇ ਇਸ ਦੇ ਜਥੇਦਾਰ ਦੀ ਪਦਵੀ ਦੀ ਤੌਹੀਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜਥੇਦਾਰ ਰਘਬੀਰ ਸਿੰਘ ਨੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਇਸ ਹਿਮਾਕਤ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਤਾਂ ਇਹ ਸਮਝਦੇ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਦੁਨੀਆਂ ਭਰ ਦੇ ਸਿਖਾਂ ਉਤੇ ਲਾਗੂ ਹੁੰਦਾ ਹੈ, ਪਰ ਉਹਨਾਂ ਨੂੰ ਤਾਂ ਅੱਜ ਸ਼੍ਰੋਮਣੀ ਕਮੇਟੀ ਦੱਸ ਕੇ ਗਈ ਹੈ ਕਿ ਇਹ ਹੁਕਮਨਾਮਾ ਤਾਂ ਤਖਤ ਸਾਹਿਬ ਦੇ ਦਫ਼ਤਰ ਦੀਆਂ ਕੰਧਾਂ ਤੱਕ ਹੀ ਸੀਮਤ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਦੀ ਇਸ ਟਿੱਪਣੀ ਤੋਂ ਸਪਸ਼ਟ ਹੈ ਕਿ ਉਹ ਮਹਿਸੂਸ ਕਰ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਖੁਦ ਹੀ ਨਹੀਂ ਮੰਨ ਰਹੇ ਜਦੋਂ ਕਿ ਹੁਕਮਨਾਮਿਆਂ ਨੂੰ ਸੰਸਾਰ ਭਰ ਵਿਚ ਲਾਗੂ ਕਰਾਉਣ ਨੈਤਕਿ ਜ਼ਿਮੇਂਵਾਰੀ ਇਹਨਾਂ ਦੋਹਾਂ ਜਥੇਬੰਦੀਆਂ ਦੀ ਹੀ ਹੈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।