ਫਗਵਾੜਾ 1 ਸਤੰਬਰ (ਸ਼ਿਵ ਕੋੜਾ) ਭਾਰਤੀ ਰੇਲਵੇ ਵਲੋਂ ਕੋਰੋਨਾ ਮਹਾਮਾਰੀ ਦੇ ਮਾੜੇ ਦੌਰ ‘ਚ ਸੀਨੀਅਰ ਸਿਟੀਜਨਸ ਨੂੰ ਰੇਲ ਕਿਰਾਏ ਵਿਚ ਮਿਲਣ ਵਾਲੀ ਛੂਟ ਵਾਪਸ ਲੈਣ ਨੂੰ ਮੰਦਭਾਗਾ ਦਸਦਿਆਂ ਸੀਨੀਅਰ ਸਿਟੀਜਨਸ ਵੈਲਫੇਅਰ ਸੁਸਾਇਟੀ ਖੇੜਾ ਰੋਡ ਫਗਵਾੜਾ ਦੇ ਮੈਂਬਰ ਰਮਨ ਨਹਿਰਾ ਨੇ ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਮੌਜੂਦਾ ਸਮੇਂ ‘ਚ ਮਹਿੰਗਾਈ ਬਹੁਤ ਜਿਆਦਾ ਵੱਧ ਗਈ ਹੈ ਅਤੇ ਰੁਜਗਾਰ ਖਤਮ ਹੋ ਰਹੇ ਹਨ। ਕੋਰੋਨਾ ਮਹਾਮਾਰੀ ਨੇ ਲੋਕਾਂ ਦਾ ਬਜਟ ਪਹਿਲਾਂ ਹੀ ਵਿਗਾੜਿਆ ਹੋਇਆ ਹੈ। ਇਸ ਲਈ ਅਜਿਹੇ ਨਾਜੁਕ ਸਮੇਂ ‘ਚ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਰੇਲਵੇ ਕਿਰਾਏ ‘ਚ ਮਿਲਣ ਵਾਲੀ ਛੂਟ ਬੰਦ ਕਰਨਾ ਜਾਇਜ ਨਹੀਂ ਹੈ। ਨਹਿਰਾ ਨੇ ਕਿਹਾ ਕਿ ਇਸ ਦੇਸ਼ ਦੀ ਜਿਆਦਾਤਰ ਆਬਾਦੀ ਮੱਧ ਵਰਗ ਅਤੇ ਨਿਮਨ ਮੱਧ ਵਰਗ ਦੀ ਹੈ ਜਿਹਨਾਂ ਦੀ ਸਮਰਥਾ ਨਿਜੀ ਵਾਹਨਾਂ ਵਿਚ ਸਫਰ ਕਰਨ ਦੀ ਨਹੀਂ ਹੁੰਦੀ ਅਤੇ ਉਹਨਾਂ ਲਈ ਟਰੇਨ ਦਾ ਸਫਰ ਸਭ ਤੋਂ ਸਸਤਾ ਅਤੇ ਅਰਾਮਦਾਇਕ ਹੁੰਦਾ ਹੈ। ਇਹਨਾਂ ਪਰਿਵਾਰਾਂ ਦੇ ਬਜੁਰਗ ਆਪਣੇ ਬੱਚਿਆਂ ਉੱਪਰ ਹੀ ਨਿਰਭਰ ਹੁੰਦੇ ਹਨ ਇਸ ਲਈ ਸਰਕਾਰ ਦੇ ਇਸ ਫੈਸਲੇ ਦਾ ਸਾਰਾ ਭਾਰ ਮਿਡਲ ਕਲਾਸ ਜਾਂ ਉਸ ਤੋਂ ਹੇਠਲੇ ਤਬਕੇ ਦੇ ਆਮ ਲੋਕਾਂ ‘ਤੇ ਹੀ ਪਏਗਾ। ਰਮਨ ਨਹਿਰਾ ਦੇ ਨਾਲ ਮੋਜੂਦ ਸੀਨੀਅਰ ਸਿਟੀਜਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕੋਵਿਡ ਕਾਲ ‘ਚ ਲੋਕਾਂ ਨੂੰ ਫਰੀ ਰਾਸ਼ਨ ਵੰਡ ਰਹੀ ਹੈ ਤੇ ਦੂਸਰੇ ਪਾਸੇ ਸੀਨੀਅਰ ਸਿਟੀਜਨਸ ਨੂੰ ਲੰਬੇ ਸਮੇਂ ਤੋਂ ਰੇਲ ਕਿਰਾਏ ‘ਚ ਮਿਲ ਰਹੀ ਛੂਟ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਤੋਂ ਲਗਦਾ ਹੈ ਕਿ ਸੀਨੀਅਰ ਸਿਟੀਜਨਸ ਦਾ ਹੱਕ ਮਾਰ ਕੇ ਸਰਕਾਰ ਦੇਸ਼ ਦਾ ਢਿੱਡ ਭਰਨਾ ਚਾਹੁੰਦੀ ਹੈ। ਨਹਿਰਾ ਤੇ ਸ਼ਰਮਾ ਨੇ ਕਿਹਾ ਕਿ ਜੇਕਰ ਬਜੁਰਗਾਂ ਨੂੰ ਰੇਲ ਕਿਰਾਏ ‘ਚ ਛੂਟ ਦਾ ਭਾਰ ਕੇਂਦਰ ਸਰਕਾਰ ਨਹੀਂ ਚੁੱਕ ਸਕਦੀ ਤਾਂ ਫਿਰ ਰਿਟਾਇਰਮੈਂਟ ਦੀ ਉਮਰ ਵਧਾਈ ਜਾਵੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।