
ਜਲੰਧਰ 05 ਨਵੰਬਰ 2025 : ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਤਹਿਤ ਕੇਂਦਰ ਸਰਕਾਰ ਦੀਆਂ ਕਾਮਨ ਰਿਵਿਊ ਮਿਸ਼ਨ (ਸੀ.ਆਰ.ਐਮ.) ਟੀਮਾਂ ਵੱਲੋਂ ਹਰ ਸਾਲ ਵੱਖ-ਵੱਖ ਰਾਜਾਂ ਵਿੱਚ ਰਿਵਿਊ ਵਿਜਿਟ ਕੀਤੇ ਜਾਂਦੇ ਹਨ, ਤਾਂ ਜੋ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਸਮੀਖਿਆ ਕੀਤੀ ਜਾ ਸਕੇ। ਇਸ ਸੰਬੰਧ ਵਿੱਚ 17ਵੀਂ ਕਾਮਨ ਰਿਵਿਊ ਮਿਸ਼ਨ ਟੀਮ ਵੱਲੋਂ ਪੰਜਾਬ ਰਾਜ ਦੇ ਜਲੰਧਰ ਅਤੇ ਫਰੀਦਕੋਟ ਦਾ ਦੌਰਾ 1 ਨਵੰਬਰ ਤੋਂ 7 ਨਵੰਬਰ 2025 ਤੱਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ 1 ਨਵੰਬਰ 2025 ਨੂੰ ਰਾਜ ਪੱਧਰ ‘ਤੇ ਡੀ.ਐਚ.ਐਸ. ਵਿਖੇ ਮਾਨਯੋਗ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਰਾਹੁਲ, ਮਾਨਯੋਗ ਵਿਸ਼ੇਸ਼ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਐੱਨ.ਐਚ.ਐਮ. ਪੰਜਾਬ ਸ੍ਰੀ ਘਣਸ਼ਿਆਮ ਥੌਰੀ ਅਤੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਕਾਮਨ ਰਿਵਿਊ ਮਿਸ਼ਨ ਟੀਮ ਨੂੰ ਰਾਜ ਵਿੱਚ ਚਲ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਅਤੇ ਸਿਹਤ ਪ੍ਰੋਗਰਾਮਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ। ਇਸ ਉਪਰੰਤ 2 ਨਵੰਬਰ 2025 ਨੂੰ ਸੀ.ਆਰ.ਐਮ. ਟੀਮ ਜਿਸ ਵਿੱਚ ਡਿਪਟੀ ਟੀਮ ਲੀਡ ਡਾ. ਅਭਿਸ਼ੇਕ ਭਗਤ, ਪ੍ਰਿਯੰਕਾ ਕੁਮਾਰੀ, ਸ੍ਰੀ ਸ਼ਾਜੀ ਇਕਬਾਲ, ਡਾ. ਉਰਵਸ਼ੀ, ਡਾ. ਮੰਜੂ ਮਧਾਵਨ, ਡਾ. ਸੰਦੀਪ ਬਹੇਤੀ, ਡਾ. ਰਾਜੇਸ਼ ਅਗ੍ਰਵਾਲ, ਸਟੇਟ ਟੀਮ ਤੋਂ ਯੋਗੇਸ਼ ਕੁਮਾਰ ਰਾਏ, ਸਰਿਜਤਾ ਚੱਕਰਵਤੀ ਅਤੇ ਲੱਕੀ ਗੋਇਲ ਸਟੇਟ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੋਰਾ ਕੀਤਾ ਗਿਆ ਅਤੇ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਸਿਵਲ ਸਰਜਨ ਡਾ. ਰਾਜੇਸ਼ ਗਰਗ, ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਡਾ. ਨਮਿਤਾ ਘਈ ਅਤੇ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਤੋਂ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ-ਕਾਜ ਦਾ ਵੇਰਵਾ ਲਿਆ ਗਿਆ।
ਸੀ.ਆਰ.ਐਮ. ਟੀਮ ਵੱਲੋਂ ਸੋਮਵਾਰ ਨੂੰ ਸੀ.ਐਚ.ਸੀ. ਸ਼ਾਹਕੋਟ, ਪੀ.ਐੱਚ.ਸੀ. ਰੂਪੇਵਾਲ, ਆਯੁਸ਼ਮਾਨ ਆਰੋਗਯ ਕੇਂਦਰ ਮੀਣਵਾਲ ਅਤੇ ਮੰਗਲਵਾਰ ਨੂੰ ਅਰਬਨ ਸੀ.ਐਚ.ਸੀ. ਬਸਤੀ ਗੁਜਾਂ, ਅਰਬਨ ਪੀ.ਐਚ.ਸੀ. ਬਸਤੀ ਦਾਨਿਸ਼ਮੰਦਾ, ਆਯੁਸ਼ਮਾਨ ਆਰੋਗਯ ਕੇਂਦਰ ਡ੍ਰਾਇਵਿੰਗ ਟ੍ਰੇਕ ਬਸ ਸਟੈਂਡ, ਐਸ.ਡੀ.ਐਚ. ਨਕੋਦਰ ਅਤੇ ਸੀ.ਐਚ.ਸੀ. ਕਰਤਾਰਪੁਰ ਦਾ ਦੌਰਾ ਕਰਦੇ ਹੋਏ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਬੁੱਧਵਾਰ ਨੂੰ ਟੀਮ ਵੱਲੋਂ ਸਿਵਲ ਹਸਪਤਾਲ ਜਲੰਧਰ, ਵੇਅਰ ਹਾਊਸ-ਡਰੱਗ ਸਟੋਰ ਸੀ.ਐਚ.ਸੀ. ਪੀ.ਏ.ਪੀ. ਦਾ ਵਿਸ਼ੇਸ਼ ਨਿਰਿਖਣ ਕੀਤਾ।
ਸੀ.ਆਰ.ਐਮ. ਟੀਮ ਵੱਲੋਂ ਬੁੱਧਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਅਤੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਸੀ.ਆਰ.ਐੱਮ. ਟੀਮ ਨੇ ਆਪਣੇ ਇਸ ਦੌਰੇ ਦੌਰਾਨ ਸਿਹਤ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਜ਼ਿਲ੍ਹੇ ਅਤੇ ਬਲਾਕ-ਪੱਧਰੀ ਸਿਹਤ ਟੀਮਾਂ ਦੇ ਸਮਰਪਿਤ ਯਤਨਾਂ ਅਤੇ ਮਰੀਜਾਂ ਨੂੰ ਦਿੱਤੀਆਂ ਜਾ ਰਹੀ ਮੁਫਤ ਸਿਹਤ ਸੇਵਾਵਾਂ ਅਤੇ ਦਵਾਈਆਂ ਦੀ ਸੁਵਿਧਾ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ। ਟੀਮ ਨੇ ਯੋਜਨਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਜਰੂਰੀ ਸੁਝਾਅ ਵੀ ਦਿੱਤੇ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਿਹਤਰ ਨਤੀਜਿਆਂ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਂਵਾਂ ਪ੍ਰਦਾਨ ਕਰਨ ਲਈ ਸਾਂਝੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।