
ਪਟਿਆਲਾ, 22 ਅਗਸਤ ( )-ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਮੁੱਚੀ ਪ੍ਰੀਜ਼ੀਡੀਅਮ ਦੀ ਮੀਟਿੰਗ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਅਕਾਲੀ ਦਲ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਪੰਜਾਬ ਦੀ ਵੱਡੀ ਸਖਸ਼ੀਅਤ ਸਨ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਪੰਥ ਦੇ ਲੇਖੇ ਲਾ ਦਿੱਤੀ ਤੇ ਦੂਜੇ ਪਾਸੇ ਬਾਦਲ ਪਰਿਵਾਰ ਜਿਨ੍ਹਾਂ ਵਲੋਂ ਹਮੇਸ਼ਾ ਹੀ ਆਪਣੇ ਨਿੱਜੀ ਹਿੱਤਾਂ ਲਈ ਪੰਥ ਅਤੇ ਅਕਾਲੀ ਦਲ ਦੇ ਹਿੱਤਾਂ ਦਾ ਤਿਆਗ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਐਨ. ਐਸ. ਏ. ਅਧੀਨ ਬੰਦੀ ਸਿੰਘ ਨਜ਼ਰਬੰਦ ਹਨ, ਉਸ ਵਿਚ ਬਾਦਲ ਪਰਿਵਾਰ ਦਾ ਹੱਥ ਹੈ ਕਿਉਂਕਿ ਜਦੋਂ ਨਜ਼ਰਬੰਦੀ ਹੋਈ, ਉਦੋਂ ਅਮ੍ਰਿਤਪਾਲ ਸਿੰਘ ਦੇ ਉਲਟ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਗਲਤ ਬਿਆਨਬਾਜ਼ੀ ਕੀਤੀ ਗਈ ਸੀ। ਇਸੇ ਸਦਕਾ ਪੰਜਾਬ ਸਰਕਾਰ ਨੂੰ ਭਾਈ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ’ਤੇ ਐਨ. ਐਸ. ਏ. ਲਾਉਣ ਦਾ ਬਹਾਨਾ ਮਿਲ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਐਨ. ਐਸ. ਏ. ਲਾਉਣ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਬਾਦਲ ਪਰਿਵਾਰ ਚੁੱਪ ਰਿਹਾ। ਉਨ੍ਹਾਂ ਸੁਖਬੀਰ ਬਾਦਲ ਵਲੋਂ ਬਾਬਾ ਬਕਾਲਾ ਵਿਖੇ ਇਕ ਸਿੱਖ ਦੀ ਗਲਤ ਪਰਿਭਾਸ਼ਾ ਪੇਸ਼ ਕਰਨਾ ਅਤਿ ਨਿੰਦਣਯੋਗ ਹੈ। ਸਾਨੂੰ ਜੋ ਗੁਰੂ ਸਾਹਿਬ ਵਲੋਂ ਸਰੂਪ ਪ੍ਰਦਾਨ ਕੀਤਾ ਗਿਆ ਹੈ, ਉਸ ਦੇ ਉਲਟ ਕੋਈ ਵੀ ਸਿੱਖ ਆਪਣੀ ਮਨਮਰਜੀ ਅਨੁਸਾਰ ਆਪਣਾ ਸਰੂਪ ਨਹੀਂ ਬਣਾ ਸਕਦਾ। ਸ. ਵਡਾਲਾ ਨੇ ਦੱਸਿਆ ਕਿ ਸੁਖਬੀਰ ਬਾਦਲ ਵਲੋਂ ਬਾਬਾ ਬਕਾਲਾ ਵਿਖੇ ਕੀ ਬੰਦੀ ਸਿੰਘਾਂ ਅਤੇ ਐਨ. ਐਸ. ਏ. ਅਧੀਨ ਨਜ਼ਰਬੰਦ ਸਿੰਘਾਂ ਵਿਚ ਪਾੜਾ ਪਾਉਣ ਵਾਲੇ ਵਿਅੰਗਬਾਜੀ ਕੀਤੀ ਗਈ ਜੋ ਅਤਿ ਨਿੰਦਯੋਗ ਹੈ। ਸਮੂਹ ਪ੍ਰਜ਼ੀਡੀਅਮ ਦੇ ਮੈਂਬਰਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ’ਤੇ ਹੋਏ ਇਤਿਹਾਸਕ ਇਕੱਠ ਲਈ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ। ਪ੍ਰਜ਼ੀਡੀਅਮ ਦੇ ਮੈਂਬਰਾਂ ਨੇ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਲਈ ਵੱਖ ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਾਈਆਂ ਗਈਆਂ ਅਤੇ ਸਮੂਹ ਸੰਗਤ ਨੂੰ 24 ਸਤੰਬਰ ਨੂੰ ਪਿੰਡ ਟੌਹੜਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਹਰਮੇਲ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲਾ, ਕਰਨੈਲ ਸਿੰਘ ਪੰਜੌਲੀ, ਜਰਨੈਲ ਸਿੰਘ ਕਰਤਾਰਪੁਰ, ਬੀਬੀ ਕਰਮਜੀਤ ਕੌਰ ਗੁਲਸ਼ਨ, ਬੀਬੀ ਕੁਲਦੀਪ ਕੌਰ ਟੌਹੜਾ, ਸੁਰਿੰਦਰ ਸਿੰਘ ਭੁਲੇਵਾਲ, ਰਣਧੀਰ ਸਿੰਘ ਰੱਖੜਾ, ਜਗਜੀਤ ਸਿੰਘ ਕੋਹਲੀ ਆਦਿ ਹਾਜ਼ਰ ਸਨ।
ਫੋਟੋ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਕਨਵੀਨਰ ਗੁਰਪ੍ਰਤਾਪ ਵਡਾਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਦਾ ਦ੍ਰਿਸ਼।