
ਕਰਤਾਰਪੁਰ,31 ਜੁਲਾਈ,
ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਬਲਕਾਰ ਸਿੰਘ ਵਲੋਂ ਬਦਲਾਲਊ ਭਾਵਨਾ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੇ ਪੁੱਤਰ, ਹੋਰ ਪਰਿਵਾਰਕ ਮੈਂਬਰਾਂ ਅਤੇ ਇੱਕ ਹੋਰ ਹਮਾਇਤੀ ਖਿਲਾਫ਼ ਥਾਣਾ ਕਰਤਾਰਪੁਰ ਵਿਖੇ ਕੇਸ ਦਰਜ ਕਰਵਾਉਣ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਦਰਜ ਝੂਠਾ ਕੇਸ ਰੱਦ ਕਰਕੇ ਬੀਤੇ ਦਿਨੀਂ ਯੂਨੀਅਨ ਆਗੂ ਦੇ ਭਰਾ ਨੂੰ ਰਸਤੇ ਵਿੱਚ ਘੇਰ ਕੇ ਉਸ ਉੱਪਰ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ।
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਦੱਸਿਆ ਕਿ ਕਰਤਾਰਪੁਰ ਹਲਕੇ ਅੰਦਰ ਆਪਣੇ ਰਾਜਸੀ ਵਿਰੋਧੀਆਂ ਖਿਲਾਫ਼ ਹਲਕਾ ਵਿਧਾਇਕ ਵਲੋਂ ਦਬਾਅ ਪਾ ਕੇ ਵੱਖ ਵੱਖ ਥਾਣਿਆਂ ਵਿੱਚ ਦਰਜ ਕਰਵਾਏ ਕੇਸਾਂ ਵਿਰੁੱਧ ਥਾਣਾ ਲਾਂਬੜਾ ਅੱਗੇ ਵੱਖ ਵੱਖ ਸਿਆਸੀ ਪਾਰਟੀਆਂ,ਜਨਤਕ ਜਥੇਬੰਦੀਆਂ ਲਗਾਏ ਧਰਨੇ ਮੁਜ਼ਾਹਰੇ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਵੀ ਸ਼ਿਰਕਤ ਕੀਤੀ ਗਈ ਸੀ ਅਤੇ ਇਲਾਕੇ ਅੰਦਰ ਲਗਾਤਾਰ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਵਧੀਕੀਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਕਾਰਨ ਜਥੇਬੰਦੀ ਦੇ ਆਗੂ ਸੱਤਾਧਾਰੀ ਧਿਰ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ।
ਉਨ੍ਹਾਂ ਕਿਹਾ ਕਿ 12 ਮਈ ਸ਼ਾਮ ਨੂੰ ਉਸਦਾ ਭਰਾ ਆਪਣੇ ਘਰ ਘੁੱਗ ਕਲੋਨੀ ਨੂੰ ਜਾ ਰਿਹਾ ਸੀ ਤਾਂ ਸੱਤਾਧਾਰੀ ਧਿਰ ਨਾਲ ਸਬੰਧਤ ਕਲੋਨੀ ਦੇ ਰਾਹ ਵਿੱਚ ਉਸਨੂੰ ਜ਼ਬਰੀ ਰੋਕ ਕੇ ਕੁੱਝ ਲੋਕਾਂ ਨੇ ਉਸ ਉੱਪਰ ਪਿਸਤੌਲ ਤਾਣ ਕੇ ਜਾਨ ਤੋਂ ਮਾਰ ਦੇਣ ਅਤੇ ਕਲੋਨੀ ਵਾਲੀ ਜ਼ਮੀਨ ਖੋਹਣ ਦੀ ਧਮਕੀ ਦਿੱਤੀ ਅਤੇ ਉਸ ਉੱਪਰ ਹਮਲਾ ਕਰਕੇ ਸੱਟਾਂ ਮਾਰੀਆਂ। ਜਦੋਂ ਯੂਨੀਅਨ ਆਗੂ ਦੀ ਪਤਨੀ ਅਤੇ ਹੋਰ ਨਗਰ ਨਿਵਾਸੀ ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਉਣ ਕਰਤਾਰਪੁਰ ਲੈ ਕੇ ਜਾ ਰਹੇ ਸਨ ਤਾਂ ਕੁੱਝ ਲੋਕਾਂ ਨੇ ਕਰਤਾਰਪੁਰ ਤੱਕ ਪਿੱਛਾ ਕਰਕੇ ਮੁੜ ਸਾਜ਼ਿਸ਼ਾਂਨਾ ਹਮਲਾ ਕਰਨ ਦਾ ਯਤਨ ਕੀਤਾ, ਜਦੋਂ ਯੂਨੀਅਨ ਆਗੂ ਦੀ ਜੀਵਨ ਸਾਥਣ ਉਹਨਾਂ ਹਮਲਾਵਰਾਂ ਦੀ ਵੀਡੀਓ ਬਣਾਉਣ ਲੱਗੀ ਤਾਂ ਉਸਦਾ ਫ਼ੋਨ ਝੱਪਟਣ ਦੀ ਉਹਨਾਂ ਕੋਸ਼ਿਸ਼ ਕੀਤੀ। ਮਾਮਲਾ ਐੱਸ ਐੱਚ ਓ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅੱਜ ਤੱਕ ਲਾਰੇ ਲੱਪੇ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਸੱਤਾਧਾਰੀ ਧਿਰ ਦੇ ਸਥਾਨਕ ਵਿਧਾਇਕ ਦੇ ਇਸ਼ਾਰੇ ਉੱਤੇ ਕਰਤਾਰਪੁਰ ਪੁਲਿਸ ਨੇ ਯੂਨੀਅਨ ਆਗੂ ਦੇ ਲੜਕੇ ਜਸਕਰਨ ਸਿੰਘ,ਭਰਾ ਰੇਸ਼ਮ ਸਿੰਘ,ਭਤੀਜੇ ਅਤੇ ਇੱਕ ਹੋਰ ਨੌਜਵਾਨ ਉੱਪਰ ਮਨਘੜ੍ਹਤ ਕਹਾਣੀ ਬਣਾ ਕੇ ਅਤੇ ਸਿਵਲ ਹਸਪਤਾਲ ਕਰਤਾਰਪੁਰ ਦੇ ਇੱਕ ਡਾਕਟਰ ਤੋਂ ਸਿਫਾਰਸ਼ੀ ਗਲਤ ਮੈਡੀਕਲ ਲੀਗਲ ਰਿਪੋਰਟ ਕਟਵਾ ਕੇ ਝੂਠਾ ਕੇਸ ਦਰਜ ਕਰ ਲਿਆ, ਜਦਕਿ ਦਰਜ ਕੇਸ ਵਿੱਚ ਜੋ ਘਟਨਾ ਬਣਾਈ ਗਈ ਉਹ ਘਟਨਾ ਵਾਪਰੀ ਹੀ ਨਹੀਂ। ਉਨ੍ਹਾਂ ਕਿਹਾ ਕਿ ਇਹ ਕੇਸ ਹਲਕਾ ਵਿਧਾਇਕ ਵਲੋਂ ਬਦਲਾਲਊ ਭਾਵਨਾ ਤਹਿਤ ਦਰਜ ਕਰਵਾਇਆ ਗਿਆ ਹੈ। ਇਹ ਕੇਸ ਜਥੇਬੰਦੀ ਦੇ ਆਗੂਆਂ ਨੂੰ ਦਬਾਅ ਨਹੀਂ ਸਕੇਗਾ।
ਉਨ੍ਹਾਂ ਦੱਸਿਆ ਕਿ ਪੇਂਡੂ ਧਨਾਢਾਂ, ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਦੇ ਗੱਠਜੋੜ ਦੀ ਵਿਰੋਧਤਾ ਦੇ ਬਾਵਜੂਦ 18 ਸਾਲ ਲੰਬਾ ਖ਼ਾੜਕੂ ਸੰਘਰਸ਼ ਕਰਕੇ ਪਿੰਡ ਵਿੱਚ ਦਲਿਤ ਮਜ਼ਦੂਰਾਂ ਨੂੰ ਅਲਾਟ ਹੋਈ ਪਲਾਟਾਂ ਵਾਲੀ ਜ਼ਮੀਨ ਇੱਕ ਆਲੂ ਫ਼ਾਰਮ ਦੇ ਮਾਲਕਾਂ ਦੇ ਕਬਜ਼ੇ ਤੋਂ ਮੁਕਤ ਕਰਵਾਈ ਗਈ ਸੀ। ਉਸ ਫ਼ਾਰਮ ਦੇ ਮੁਲਾਜ਼ਮ ਜੋ ਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਹ ਆਲੂ ਫ਼ਾਰਮ ਮਾਲਕਾਂ ਦੇ ਇਸ਼ਾਰੇ ਉੱਤੇ ਯੂਨੀਅਨ ਵਲੋਂ ਮੁਕਤ ਕਰਵਾਈ ਜ਼ਮੀਨ ਨੂੰ ਮੁੜ ਹਥਿਆਉਣਾ ਚਾਹੁੰਦੇ ਹਨ। ਉਸ ਮਨਸ਼ਾ ਨਾਲ ਹੀ ਜਥੇਬੰਦੀ ਦੇ ਆਗੂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਫ਼ਾਰਮ ਮਾਲਕਾਂ ਨੂੰ ਖੁਸ਼ ਕਰਨ ਲਈ ਸੱਤਾਧਾਰੀ ਧਿਰ ਦਾ ਵਿਧਾਇਕ ਵੀ ਉਹਨਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲੂ ਫ਼ਾਰਮ ਮਾਲਕਾਂ ਦੇ ਸੱਤਾਧਾਰੀ ਧਿਰ ਨਾਲ ਮਿਲ ਕੇ ਇਸ ਸਾਜ਼ਿਸ਼ਾਨਾ ਯਤਨ ਨੂੰ ਕਦਾਚਿੱਤ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਰਤਾਰਪੁਰ ਪੁਲਿਸ ਨੇ ਝੂਠਾ ਕੇਸ ਰੱਦ ਕਰਕੇ ਯੂਨੀਅਨ ਆਗੂ ਦੇ ਭਰਾ ਦਾ ਜ਼ਬਰੀ ਰਸਤਾ ਰੋਕ ਕੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨ ਲਈ ਯੂਨੀਅਨ ਮਜ਼ਬੂਰ ਹੋਵੇਗੀ।