
ਜਲੰਧਰ (04.09.2025): ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ ਜਿਲ੍ਹੇ ਵਿੱਚ ਰੁਟੀਨ ਟੀਕਾਕਰਨ ਮੁਹਿੰਮ ‘ਚ ਹੋਰ ਤੇਜੀ ਲਿਆਉਣ ਦੇ ਮਕਸਦ ਨਾਲ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਰਵਿਲੈਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ, ਜਿਲ੍ਹਾ ਬੀਸੀਜੀ ਅਫ਼ਸਰ ਡਾ. ਚਸ਼ਮ ਮਿਤ੍ਰਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਅਰਬਨ ਕੋਆਰਡੀਨੇਟਰ ਡਾ. ਸੁਰਭੀ ਨਾਲ ਰੂਟੀਨ ਟੀਕਾਕਰਨ ਮੁਹਿੰਮ ਸਬੰਧੀ ਚਰਚਾ ਕੀਤੀ ਗਈ। ਇਸ ਦੌਰਾਨ ਜਿਲ੍ਹੇ ਵਿੱਚ ਰੂਟੀਨ ਟੀਕਾਰਨ ਦੇ ਸੈਸ਼ਨ ਵਧਾਉਣ ਦਾ ਫੈਸਲਾ ਕੀਤਾ ਗਿਆ।
ਸਿਵਲ ਸਰਜਨ ਡਾ. ਰਮਨ ਗੁਪਤਾ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਲਗਾਤਾਰ ਪੈ ਰਹੀ ਬਰਸਾਤ ਅਤੇ ਹੜ੍ਹਾਂ ਵਰਗੀ ਸਥਿਤੀ ਦੇ ਮੱਦੇਨਜਰ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਹਰ ਸੰਭਵ ਯਤਨ ਕਰ ਰਿਹਾ ਹੈ। ਜਿਸ ਤਹਿਤ ਮੀਟਿੰਗ ਦੌਰਾਨ ਜਿਲ੍ਹੇ ਵਿੱਚ ਰੂਟੀਨ ਟੀਕਾਕਰਨ ਸੈਸ਼ਨਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਵਿੱਚ ਕੰਮ ਕਰ ਰਹੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰ ਵਿੱਚ ਸਰਵੇ ਕਰਕੇ ਸੁਨਿਸ਼ਚਿਤ ਕਰਨ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋ ਵਾਂਝਾ ਨਾ ਰਹੇ। ਇਸਦੇ ਨਾਲ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਿੱਖਿਆ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਮੌਸਮੀ ਬਿਮਾਰੀਆਂ ਚਮੜੀ ਰੋਗ, ਫਲੂ (ਇਨਫਲੂਏਂਜਾ), ਡੇਂਗੂ, ਹੈਪਾਟਾਈਟਸ ਏ, ਟਾਈਫਾਈਡ, ਸੱਪ ਦੇ ਕੱਟਣ ਜਾਂ ਦੂਸ਼ੀਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸਚੇਤ ਰਹਿਣ ਅਤੇ ਲੋੜ ਪੈਣ ਤੇ ਨਜਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਜਾਵੇ।