ਜਲੰਧਰ (16.01.2025): ਟੀ.ਬੀ. ਮੁਕਤ ਭਾਰਤ ਅਭਿਆਨ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ “100 ਦਿਨਾਂ ਦੀ ਟੀ.ਬੀ. ਮੁਹਿੰਮ” ਤਹਿਤ ਜਿਲ੍ਹੇ ਵਿੱਚ ਉਪਰਾਲੇ ਹੋਰ ਤੇਜ਼ ਕਰ ਦਿੱਤੇ ਗਏ ਹਨ। ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਟੀ.ਬੀ. ਦੇ ਐਕਟਿਵ ਕੇਸ ਫਾਇੰਡਿਂਗ (ਏ.ਸੀ.ਐਫ.) ਪ੍ਰੋਜੈਕਟ ਤਹਿਤ ਟੀ.ਬੀ. ਰੋਗੀਆਂ ਦੀ ਖੋਜ, ਮੌਤ ਦਰ ਵਿੱਚ ਕਮੀ ਲਿਆਉਣ ਅਤੇ ਟੀ.ਬੀ. ਦੀ ਰੋਕਥਾਮ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਕੈਂਪ ਲਗਾ ਕੇ ਟੀ.ਬੀ. ਦੇ ਮਰੀਜਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਰੋਕਥਾਮ ਸੰਬੰਧੀ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਫ਼ਸਰਾਂ ਨਾਲ ਵੀ.ਸੀ. ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਹਦਾਇਤ ਕੀਤੀ ਕਿ ਮੁਹਿੰਮ ਖਤਮ ਹੋਣ ਤੱਕ ਸਾਰੇ ਸਕ੍ਰੀਨ ਕੀਤੇ ਮਰੀਜਾਂ ਦੇ 100 ਫੀਸਦ ਟੈਸਟ ਅਤੇ ਐਕਸ-ਰੇ ਕਰਨਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਹਦਾਇਤ ਕੀਤੀ ਕਿ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 100 ਦਿਨਾਂ ਦੀ ਟੀ.ਬੀ. ਮੁਹਿੰਮ ਦੌਰਾਨ ਜਿਲ੍ਹੇ ਵਿੱਚ ਸਲੱਮ ਏਰੀਆ, ਇੰਡਸਟ੍ਰੀਅਲ ਏਰੀਆ, ਹਾਈ ਰਿਸਕ ਖੇਤਰ ਕਵਰ ਕੀਤੇ ਜਾ ਰਹੇ ਹਨ ਅਤੇ ਟੀ.ਬੀ. ਦੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੀ.ਬੀ. ਦੀ ਮੁਫ਼ਤ ਜਾਂਚ ਅਤੇ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਜਲੰਧਰ ਜਿਲ੍ਹੇ ਨੂੰ ਪੰਜਾਬ ਭਰ ਵਿੱਚ ਮੋਹਰੀ ਬਣਾਉਣ ਲਈ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਹੁਣ ਤੱਕ 1,25,979 ਟੀ.ਬੀ. ਮਰੀਜਾਂ ਦੀ ਸਕ੍ਰੀਨਿੰਗ ਅਤੇ 1640 ਮਰੀਜਾਂ ਦੇ ਐਕਸਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 100 ਦਿਨਾਂ ਦੀ ਟੀ.ਬੀ. ਮੁਹਿੰਮ ਦੌਰਾਨ 07 ਦਸੰਬਰ, 2024 ਤੋਂ 15 ਜਨਵਰੀ, 2025 ਤੱਕ 251 ਟੀ.ਬੀ. ਦੇ ਮਰੀਜਾਂ ਦੀ ਸ਼ਨਾਖਤ ਕੀਤੀ ਕਰਕੇ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਸਮੇਂ ਜਿਲ੍ਹੇ ਵਿੱਚ 2881 ਟੀ.ਬੀ. ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਟੀ.ਬੀ. ਇੱਕ ਛੂਤ ਦਾ ਰੋਗ ਹੈ ਅਤੇ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ, ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਮੁਫ਼ਤ ਜਾਂਚ ਅਤੇ ਇਲਾਜ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2 ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।