
ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਦੇ ਬਾਲ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਵਿਭਾਗ ਦੇ ਨਿਰਦੇਸ਼ਾਂ ਹੇਠ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਲਜ ਦੀ ਅਰਸਤੂ ਸੋਸਾਇਟੀ ਆਫ਼ ਲਾਈਫ਼ ਸਾਇੰਸਿਜ਼, ਸਮਾਜਿਕ ਸੰਵੇਦਨਸ਼ੀਲਤਾ ਸੈੱਲ, ਸ਼ਿਕਾਇਤ ਨਿਵਾਰਣ ਕਮੇਟੀ, ਸਰੀਰਕ ਸਿੱਖਿਆ ਅਤੇ ਖੇਡਾਂ ਵਿਭਾਗ, ਇਤਿਹਾਸ ਕਲੱਬ ਅਤੇ ਐਨ.ਐਸ.ਐਸ ਯੂਨਿਟ ਨੇ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਸਬੰਧਤ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ, ਜਿਸ ਵਿੱਚ ਸਲੋਗਨ ਲੇਖਣ ਮੁਕਾਬਲਾ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਜਲੰਧਰ ਦੇ ਡਿਪਟੀ ਮੇਅਰ ਸ਼੍ਰੀ ਮਲਕੀਤ ਸਿੰਘ ਸੁਭਾਨਾ ਨਾਲ ਇਸ ਸਮਾਗਮ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਡਾ. ਚੋਪੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਾਂ ਸਮਾਗਮਾਂ ਦਾ ਵਿਸ਼ਾ ਸਮਾਜ ਦੀ ਲੋੜ ਅਨੁਸਾਰ ਹੈ। ਨਸ਼ੇ ਦੀਮਕ ਵਾਂਗ ਹਨ ਜੋ ਨੌਜਵਾਨਾਂ ਦੀ ਤਾਕਤ, ਰਚਨਾਤਮਕਤਾ ਅਤੇ ਆਸ਼ਾਵਾਦ ਨੂੰ ਚੁੱਪ-ਚਾਪ ਖਾ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਕਨਵੀਨਰ ਰਜਿਸਟਰਾਰ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਇਸ ਵਿੱਚ 70 ਤੋਂ ਵੱਧ ਸਲੋਗਨ/ਪੋਸਟਰ ਪ੍ਰਾਪਤ ਹੋਏ । ਉਨ੍ਹਾਂ ਅੱਗੇ ਕਿਹਾ ਕਿ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਸੈਮੀਨਾਰ, ਸਮੂਹਿਕ ਪ੍ਰਣ, ਨੁੱਕੜ ਨਾਟਕ ਅਤੇ ਮੈਰਾਥਨ ਵਰਗੇ ਪ੍ਰੋਗਰਾਮਾਂ ਨੂੰ ਆਯਜਨ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ। ਇਸ ਸਮਾਗਮ ਦੌਰਾਨ ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ, ਡੀਨ ਅਕਾਦਮਿਕ ਕੌਂਸਲ ਡਾ. ਰਸ਼ਪਾਲ ਸਿੰਘ ਸੰਧੂ, ਗਣਿਤ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ, ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ (ਰਜਿਸਟਰਡ) ਦੀ ਪ੍ਰਧਾਨ ਸ਼੍ਰੀਮਤੀ ਰਮਨਪ੍ਰੀਤ ਕੌਰ, ਇੰਚਾਰਜ ਹਿਸਟਰੀ ਕਲੱਬ ਡਾ. ਅਮਨਦੀਪ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਹੇਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।