
13 ਅਪ੍ਰੈਲ
ਚੰੜੀਗੜ () ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਾ ਸਾਹਿਬ ਦੀ ਪਾਲਣਾ ਕਰਕੇ ਪੰਜ ਮੈਂਬਰੀ ਕਮੇਟੀ ਵੱਲੋ ਪਾਰਦਰਸ਼ੀ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਉਪਰੰਤ ਨਵੇ ਡੈਲੀਗੇਟ ਚੁਣ ਕੇ ਪੰਥ ਪ੍ਰਵਾਨ ਲੀਡਰਸ਼ਿਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਉਪਰੰਤ ਕੌਮ ਤੇ ਪੰਥ ਦੇ ਹਵਾਲੇ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਸਪੱਸ਼ਟ ਕੀਤਾ ਕਿ ਇੱਕ ਧੜਾ ਵਾਰ ਵਾਰ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਕੇ ਗੁੰਮਰਾਹ ਕਰ ਰਿਹਾ ਹੈ। ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਕਿਤੇ ਵੀ ਨਿਗਰਾਨ ਸ਼ਬਦ ਤੱਕ ਨਹੀਂ ਹੈ। ਇਸ ਕਰਕੇ ਸਰਦਾਰ ਇਯਾਲੀ ਨੇ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤ ਨੂੰ ਸੁਚੇਤ ਕੀਤਾ।
ਸਰਦਾਰ ਇਯਾਲੀ ਨੇ ਮੁੜ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਆਓ ਰਲ ਕੇ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣੀਏ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਮੁੜ ਦੁਹਰਾਇਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਬਕਾਇਦਗੀ ਨਾਲ ਦਰੁਸਤ ਭਰਤੀ ਕਰਕੇ ਸੂਬੇ ਨੂੰ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਵੇਗੀ।
ਸਰਦਾਰ ਇਯਾਲੀ ਨੇ ਇਹ ਜਾਣਕਾਰੀ ਦਿੰਦੇ ਹੋਏ ਸੰਤੁਸ਼ਟੀ ਜਾਹਿਰ ਕੀਤੀ ਭਰਤੀ ਮੁਹਿੰਮ ਨੂੰ ਬੇਹੱਦ ਵੱਡਾ ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ। 10 ਅਪ੍ਰੈਲ ਸ਼ਾਮ ਤੱਕ 15 ਲੱਖ 64 ਹਜ਼ਾਰ ਦੀ ਮੈਂਬਰਸ਼ਿਪ ਜਾ ਚੁੱਕੀ ਹੈ ਅਤੇ 7 ਲੱਖ ਦੇ ਕਰੀਬ ਮੰਗ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਹਰ ਕੋਸ਼ਿਸ਼ ਰਹੇਗੀ ਕਿ ਇਸ ਭਰਤੀ ਮੁਹਿੰਮ ਨੂੰ ਹਰ ਪੰਜਾਬੀ ਦੇ ਘਰ ਤੱਕ ਹਰ ਪੰਜਾਬੀ ਚੁੱਲ੍ਹੇ ਤੱਕ ਲੈਕੇ ਜਾਈਏ ।