
ਜਲੰਧਰ (19.05.2025) ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਮੈਡੀਕਲ ਸੁਪਰਡੈਂਟ (ਕਾਰਜਕਾਰੀ) ਡਾ. ਸਤਿੰਦਰ ਬਜਾਜ ਦੀ ਅਗਵਾਈ ਹੇਠ ਸੋਮਵਾਰ ਨੂੰ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਵੱਲੋਂ ਇਲਾਜ ਲਈ ਆਏ ਲੋਕਾਂ, ਗਰਭਵਤੀ ਔਰਤਾਂ ਨਵਜਨਮੇ ਬੱਚਿਆਂ ਦੀਆਂ ਮਾਵਾ ਅਤੇ ਉਨ੍ਹਾਂ ਦੇ ਸੰਬੰਧੀਆਂ ਨੂੰ ਹਾਈਪਰਟੈਂਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨਾਲ ਇੰਟਰੈਕਸ਼ਨ ਵੀ ਕੀਤੀ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਬਣਦਾ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ ਅਤੇ ਗੁਰਦੇ ਦੀ ਬਿਮਾਰੀ, ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਦਾ ਵੀ ਕਾਰਨ ਹੋ ਸਕਦਾ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਜਿਆਦਾਤਰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸੇਵਨ ਰੂਟੀਨ ‘ਚ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਵਧੇਰੇ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੇ ਖਾਣ-ਪੀਣ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ। ਵਧੇਰੇ ਤੇਲ, ਮਸਾਲੇਦਾਰ ਭੋਜਨ ਅਤੇ ਵਧੇਰੇ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਰਾਬ, ਬੀੜੀ-ਸਿਗਰੇਟ ਨਹੀਂ ਪੀਣੀ ਚਾਹੀਦੀ। ਤਣਾਅ ਰਹਿਤ ਰਹਿਣ ਲਈ, ਵਿਅਕਤੀ ਨੂੰ ਧਿਆਨ ਅਤੇ ਯੋਗਾ ਕਰਨਾ ਚਾਹੀਦਾ ਹੈ। ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਡੀ. ਪ੍ਰੋਗਰਾਮ ਤਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਪ੍ਰੈਸ਼ਰ ਤੋਂ ਇਲਾਵਾ ਸ਼ੂਗਰ, ਤਿੰਨ ਤਰ੍ਹਾਂ ਦੇ ਕੈਂਸਰਾਂ ਦੀ ਜਾਂਚ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਮੈਡੀਕਲ ਸੁਪਰਡੈਂਟ (ਕਾਰਜਕਾਰੀ) ਡਾ. ਸਤਿੰਦਰ ਬਜਾਜ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਮਨ ਗੁਪਤਾ ਅਤੇ ਐਸ.ਐਮ.ਓ. ਡਾ. ਸੁਰਜੀਤ ਸਿੰਘ ਵੱਲੋਂ ਵੀ ਲੋਕਾਂ ਨੂੰ ਹਾਈਪਰਟੈਂਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ, ਐਸ.ਐਮ.ਓ. ਡਾ. ਸੁਰਜੀਤ ਸਿੰਘ, ਐਸ.ਐਮ.ਓ. ਡਾ. ਪਰਮਜੀਤ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।