
ਲਾਇਲਪੁਰ ਖ਼ਾਲਸਾ ਕਾਲਜ ਦੇ ਐੱਨ.ਸੀ.ਸੀ. ਕੈਡਿਟਸ ਵਲੋਂ 25ਵੇਂ ਕਾਰਗਿਲ ਵਿਜੈ ਦਿਵਸ ਮੌਕੇ ਭਾਰਤੀ ਸੈਨਾਵਾਂ ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ। ਪ੍ਰਿੰਸੀਪਲ ਡਾ਼ ਜਸਪਾਲ ਸਿੰਘ ਨੇ ਇਸ ਮੌਕੇ ਕੈਡਿਟਸ ਅਤੇ ਬਾਕੀ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਦੇਸ਼ ਦੀ ਮਿੱਟੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਅੱਜ ਕਾਰਗਿਲ ਜਿੱਤ ਦੇ 25 ਸਾਲ ਪੂਰੇ ਹੋਏ ਹਨ। ਇਸ ਉਪ੍ਰੇਸ਼ਨ ਵਿਜੈ ਵਿਚ 545 ਸੈਨਿਕਾਂ ਨੇ ਦੇਸ਼ ਦੀ ਸੁਰੱਖਿਆ ਵਾਸਤੇ ਸਰਵੋਤਮ ਬਲੀਦਾਨ ਦਿੱਤਾ ਅਤੇ 1536 ਸੈਨਿਕ ਜ਼ਖ਼ਮੀ ਹੋਏ। ਉਹਨਾਂ ਇਹ ਕਿਹਾ ਕਿ ਵਿਦਿਆਰਥੀਆਂ ਅਤੇ ਸਭ ਭਾਰਤੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਲਈ ਆਪਣਾ ਬਣਦਾ ਯੋਗਦਾਨ ਦੇਣ। ਸੰਵਿਧਾਨ ਵਿੱਚ ਦਰਜ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਦੇਸ਼ ਭਗਤੀ ਹੈ। ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਭਾਰਤ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ਤੇ ਹਮਲਾ ਨਹੀਂ ਕੀਤਾ ਪਰ ਭਾਰਤੀ ਸੈਨਾਵਾਂ ਹਰ ਹਮਲੇ ਦਾ ਸਾਹਮਣਾ ਕਰਨ ਨੂੰ ਤਿਆਰ ਹਨ। ਐੱਨ.ਸੀ.ਸੀ. ਅਫ਼ਸਰ ਡਾ਼ ਕਰਨਬੀਰ ਸਿੰਘ ਨੇ ਕੈਡਿਟਸ ਨਾਲ ਕਾਰਗਿਲ ਦੇ ਸ਼ਹੀਦਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਅੰਡਰ ਅਫ਼ਸਰ ਆਸਥਾ ਅਤੇ ਅਰਦੀਪ ਕੌਰ ਵਲੋਂ ਲੜ੍ਹਾਈ ਦਾ ਭਾਵਪੂਰਤ ਚਿਤਰਣ ਚਿੱਤਰਕਾਰੀ ਰਾਹੀਂ ਬੋਰਡ ਤੇ ਕੀਤਾ ਗਿਆ। ਕੈਡਿਟਸ ਅੰਸ਼ੂ, ਸਾਹਿਲ, ਸਿਮਰਨ, ਅਰਦੀਪ ਕੌਰ ਨੇ ਉਪ੍ਰੇਸ਼ਨ ਵਿਜੈ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ। ਅੰਡਰ ਅਫ਼ਸਰ ਸਿਮਰਨ ਅਤੇ ਲਵਪ੍ਰੀਤ ਵਲੋਂ ਇਸ ਪ੍ਰੋਗਰਾਮ ਦੀ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ਡਾ਼ ਸੁਮਨ ਚੌਪੜਾ, ਡਾ਼ ਬਲਰਾਜ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜ਼ੂਦ ਸਨ।