ਅੱਜ ਉੱਤਰ ਭਾਰਤ ਦੇ ਇੱਕ ਸਭ ਤੋਂ ਪੁਰਾਣੇ ਅਤੇ ਸਿਰਮੌਰ ਗਿਣੇ ਜਾਂਦੇ ਬਹੁਤਕਨੀਕੀ ਕਾਲਜ ਮੇਹਰਚੰਦ ਪੋਲੀਟੈਕਨਿਕ ਕਾਲਜ , ਜਲੰਧਰ ਦੇ ਪ੍ਰਿੰਸੀਪਲ ਦੇ ਅਹੁਦੇ ਦੇ ਬੈਠਿਆ 15 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਹ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਬਹੁਤਕਨੀਕੀ ਕਾਲਜ ਹੈ ਜੋ ਡੀ.ਏ.ਵੀ ਮੈਨੇਜਮੈਂਟ ਕਮੇਟੀ ਦੀ ਦੇਖ ਰੇਖ ਹੇਠਾਂ 1954 ਤੋਂ ਹੀ ਨਿਸ਼ਠਾ ਅਤੇ ਪਰਿਪੱਕਤਾ ਨਾਲ ਕੰਮ ਕਰਦਾ ਆ ਰਿਹਾ ਹੈ। ਜਿਸਨੂੰ ਸਰਕਾਰ ਵਲੋਂ 95 ਫੀਸਦੀ ਗ੍ਰਾਂਟ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਬਹੁਤਕਨੀਕੀ ਕਾਲਜ ਪੰਜਾਬ ਵਿਚ ਕੁਲ ਚਾਰ ਹੀ ਹਨ। ਬਾਕੀ ਤਿੰਨ ਹਨ- ਥਾਪਰ ਪੋਲੀਟੈਕਨਿਕ, ਪਟਿਆਲਾ; ਰਾਮਗੜੀਆ ਪੋਲੀਟੈਕਨਿਕ ਫਗਵਾੜਾ ਅਤੇ ਗੁਰੂ ਨਾਨਕ ਦੇਵ ਪੋਲੀਟੈਕਨਿਕ, ਲੁਧਿਆਣਾ । ਇਹ ਚਾਰੇ ਹੀ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਮੁਢੱਲੇ ਕਾਲਜ ਹਨ, ਜਿਨ੍ਹਾਂ ਨੇ ਅਕੈਡਿਮਕ, ਸਭਿਆਚਾਰਕ, ਸਪੋਰਟਸ, ਕੋਕੁਰੀਕੁਲਰ, ਪਲੇਸਮੈਂਟ ਅਤੇ ਰਿਸਰਚ ਗਤਿਵਿਧੀਆਂ ਵਿਚ ਆਪਣਾ ਲੋਹਾ ਮਨਵਾਇਆ ਹੈ। ਇਹ ਚਾਰੇ ਮੁੱਢਲੇ ਕਾਲਜ ਤਕਨੀਕੀ ਸਿੱਖਿਆ ਦੇ ਥੰਮ ਹਨ। ਜਿਹੜੇ ਤਕਨੀਕੀ ਸਿੱਖਿਆ ਦੇ ਆਕਾਸ਼ ਤੇ ਉਦੋਂ ਤੋਂ ਜਗਮਗਾ ਰਹੇ ਹਨ, ਜਦੋਂ ਪੰਜਾਬ ਵਿੱਚ ਸਰਕਾਰੀ ਜਾ ਪ੍ਰਾਈਵੇਟ ਖੇਤਰ ਵਿੱਚ ਕੋਈ ਵੀ ਤਕਨੀਕੀ ਕਾਲਜ ਨਹੀਂ ਸੀ। ਦਾਖਲਾ ਲੈਣ ਲਈ ਵਿਦਿਆਰਥੀ ਸਭ ਤੋਂ ਪਹਿਲਾ ਇਹਨਾਂ ਦਾ ਹੀ ਰੁੱਖ ਕਰਦੇ ਹਨ।
ਇਕੱਲੇ ਮੇਹਰਚੰਦ ਪੋਲੀਟੈਕਨਿਕ ਨੂੰ ਕੇਂਦਰੀ ਸੰਸਥਾ ਨਿੱਟਰ ਚੰਡੀਗੜ੍ਹ ਵਲੋਂ ਚਾਰ ਵਾਰ ਉੱਤਰ ਭਾਰਤ ਦੇ ਬੇਹਤਰੀਨ ਪੋਲੀਟੈਕਨਿਕ ਵਜੋਂ ਨਿਵਾਜਿਆ ਗਿਆ ਹੈ। ਤੇ ਇਕ ਵਾਰ ਇਸ ਨੂੰ ਬੈਸਟ ਸੀ.ਡੀ.ਟੀ.ਪੀ ਸਕੀਮ ਲਾਗੂ ਕਰਨ ਵਾਲੀ ਸੰਸਥਾ ਵਜੋਂ ਚੁਣਿਆ ਗਿਆ ਹੈ। ਬਾਕੀ ਨਾਮਾਂ ਇਨਾਮਾਂ ਦੀ ਗਿਣਤੀ ਹੀ ਨਹੀਂ। 2006 ਤੋਂ ਲੈ ਕੇ 2009 ਤੱਕ ਇਸਦੇ ਚਾਰ ਪ੍ਰੋਗਾਮਾਂ ਨੂੰ ਐਨ.ਬੀ.ਏ ਐਕਰੀਡੀਟੇਸ਼ਨ ਦੀ ਮਾਨਤਾ ਮਿਲੀ। 2024 ਵਿਚ ਇਕ ਵਾਰ ਫਿਰ ਇਲੈਟ੍ਰੀਕਲ ਵਿਭਾਗ ਨੂੰ ਤਿੰਨ ਸਾਲਾਂ ਲਈ ਐਨ.ਬੀ.ਏ ਅੇਕਰੀਡਾਇਟ ਹੋਣ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟਿਸ਼ ਕਾਉਸਲ ਵਲੋਂ ਹੀ ਆਪਣੇ ਵੱਕਾਰੀ ਪ੍ਰੋਜੈਕਟ ਯੁਕੇਰੀ ਲਈ ਮੇਹਰਚੰਦ ਪੋਲੀਟੈਕਨਿਕ ਦੀ ਚੋਣ ਕੀਤੀ ਗਈ, ਇਸ ਨੂੰ 31 ਲੱਖ ਦੀ ਗ੍ਰਾਂਟ ਦਿੱਤੀ ਤੇ ਨਾਲ ਹੀ ਹੈਕਨੀ ਕਮਿਉਨਿਟੀ ਕਾਲਜ ਲੰਡਨ ਨਾਲ ਦੋ ਸਾਲਾ ਦਾ ਕਰਾਰ ਹੋਇਆ। ਇਸੇ ਹੀ ਤਰ੍ਹਾਂ ਬਾਕੀ ਤਿੰਨ ਪੋਲੀਟੈਕਨਿਕ ਵੀ ਵੱਖਰੋ – ਵੱਖਰੇ ਖੇਤਰਾਂ ਵਿਚ ਤਕਨੀਕੀ ਸਿੱਖਿਆ ਦਾ ਝੰਡਾ ਬੁਲੰਦ ਕਰ ਰਹੇ ਹਨ। ਪਰ ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਦੀਆ ਸਰਕਾਰਾਂ ਨੇ ਇਹਨਾਂ ਤੋਂ ਮੂੰਹ ਮੋੜ ਲਿਆ ਹੈ। ਨਾਂ ਤਾਂ ਨਵੇ ਪੇਅ ਕਮੀਸ਼ਨ ਦੀਆ ਸਿਫਾਰਸ਼ਾ ਲਾਗੂ ਕੀਤੀਆਂ ਹਨ, ਨਾਂ ਹੀ ਨਵੀਂਆ ਪੋਸਟਾਂ ਭਰਨ ਦੀ ਮਨਜੂਰੀ ਦਿੱਤੀ ਜਾ ਰਹੀਂ ਹੈ। ਇਸ ਤਰ੍ਹਾਂ ਗੱਲ ਘੋਟਿਆ ਜਾ ਰਿਹਾ ਹੈ ਕਿ ਇਹ ਚਾਰੇ ਸ਼ਾਨਦਾਰ ਇਤਿਹਾਸ ਵਾਲੇ ਮਾਣਮੱਤੇ ਪੋਲੀਟੈਕਨਿਕ ਆਪਣੀ ਹੀ ਮੌਤ ਮਰ ਜਾਣ।
2008 ਤੋਂ ਬਾਅਦ ਕੋਈ ਵੀ ਪੋਸਟ ਭਰਨ ਦੀ ਮਨਜੂਰੀ ਨਹੀਂ ਦਿੱਤੀ ਗਈ। ਅਕਾਲੀ ਸਰਕਾਰ ਹੋਵੇ, ਕਾਂਗਰਸ ਸਰਕਾਰ ਹੋਵੇ ਜਾਂ ਨਵੀਂ ਆਪ ਦੀ ਸਰਕਾਰ। ਸੱਭ ਨੇ ਪੱਲਾ ਝਾੜ ਲਿਆ। ਮੈਂ ਪੁਛਣਾ ਚਾਹੁੰਦਾ ਹਾਂ ਅਸੀ ਕੋਈ 20, 50 ਜਾਂ 100 ਨਹੀਂ । ਸਿਰਫ ਗਿਣਤੀ ਦੇ ਚਾਰ। ਗੁਣਵੱਤਾ ਪੱਖੋ ਨਿਰੇ ਖਰਾ ਸੋਨਾ। ਫਿਰ ਮਤਰੇਈ ਮਾਂ ਵਾਲਾ ਸਲੂਕ ਕਿਉਂ। ਕਿੰਨੇ੍ਹ ਹੀ ਸਟਾਫ਼ ਮੈਂਬਰ ਰਿਟਾਇਰ ਹੋ ਗਏ, ਕਿੰਨੇ ਹੀ ਅੱਲਾਹ ਨੂੰ ਪਿਆਰੇ ਹੋ ਗਏ। ਪਰ ਬਦਲਵੇਂ ਪ੍ਰੰਬਧ ਕਰਨ ਲਈ ਕੋਈ ਮੰਜੂਰੀ ਨਹੀਂ ਮਿਲੀ। ਇਹ ਚਾਰੇ ਹੀ ਆਪਣੇ ਖਰਚੇ ਤੇ ਦਾਲ- ਦਲੀਆ ਕਰਕੇ ਚਲਾ ਰਹੇ ਹਨ। ਪਰ ਕੁਆਲਿਟੀ ਡਿੱਗਣ ਨਹੀਂ ਦਿੱਤੀ। ਐਨ. ਬੀ.ਏ ਅੇਕਰੀਡਿਟੇਸ਼ਨ ਕਰਵਾਉਣ ਲਈ ਪੋਸਟਾਂ ਭਰਨਾ ਬੇਹਦ ਜਰੂਰੀ ਹੈ। ਹੁਣ 70-80 ਸਟਾਫ ਹੀ ਇਹਨਾ ਚਾਰਾਂ ਬਹੁਤਕਨੀਕੀ ਕਾਲਜਾਂ ਵਿੱਚ ਰੈਗੁਲਰ ਰਹਿ ਗਿਆ ਹੈ। ਬੱਜਟ ਵੀ ਕੋਈ ਬਹੁਤਾ ਨਹੀਂ । ਕਰੋੜਾਂ ਰੁਪਏ ਖਰਚੇ ਗਏ,ਨਵੇਂ ਪੋਲੀਟੈਕਨਿਕ ਖੋਲੇ ਗਏ ਪਰ ਪੰਜਾਬ ਨੇ ਆਪਣੇ ਮਿਆਰੀ ਚਾਰ ਪਲੀਟੈਕਨਿਕ ਸੰਭਾਂਲਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਵੱਖ- ਵੱਖ ਪਾਬੰਦੀਆ ਤੇ ਕੰਡੀਸ਼ਨਾ ਲਗਾ ਕੇ ਇਸਨੂੰ ਕੀੜੀ ਵਰਗੀ ਚਾਲ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਟਾਫ ਨੂੰ ਡੀ.ਏ.ਸੀ.ਪੀ ਨਹੀ, ਕੋਈ ਪੈਂਸ਼ਨ ਨਹੀ। ਸਿਰਫ ਤੇ ਸਿਰਫ 94 ਅਡਹਾਕ (ਕਾਂਟਰੈਕਟ) ਪੋਸਟਾਂ ਚਾਰ ਕਾਲਜਾਂ ਨੂੰ ਸਲਾਨਾ ਦਿੱਤੀਆ ਜਾ ਰਹੀਆਂ ਹਨ ਜਿਸ ਦੀ ਮੰਜੂਰੀ ਵੀ ਨੱਕ ਨਾਲ ਲਕੀਰਾ ਕਢਾ ਕੇ ਮਿਲਦੀ ਹੈ। ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਮੁੱਖ ਮੰਤਰੀ ਵਜੀਫ਼ਾ ਯੋਜਨਾ ਚਲਾ ਕੇ ਇਹਨਾਂ ਚਾਰ ਅਦਾਰਿਆ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ਕੋਸ਼ਿਸ਼ਾਂ ਕੀਤੀਆ, ਪਰ ਅਜੇ ਵੀ ਇਹ ਕਾਲਜ ਐਡਮਿਸ਼ਨ ਤੇ ਹੋਰ ਖੇਤਰਾਂ ਵਿੱਚ ਮੋਹਰੀ ਹਨ ਤੇ ਰਹਿਣਗੇ – ਸਵਾਲ ਉਠੱਦਾ ਹੈ ਪਰ ਕਿੰਨੀ ਕੁ ਦੇਰ, ਜੇ ਆੳਂੁਣ ਵਾਲੇ ਕੁਝ ਸਾਲਾਂ ਵਿੱਚ ਪੋਸਟਾਂ ਭਰਨ ਦੀ ਮੰਜੂਰੀ ਨਹੀਂ ਮਿਲਦੀ ਤਾਂ ਸਿਰਫ਼ ਐਡਹਾਕ ਫੇਕਲਟੀ ਰਹਿ ਜਾਵੇਗੀ ਤੇ ਕੋਈ ਵੀ ਰੈਗੁਲਰ ਸਟਾਫ ਨਹੀਂ ਰਹੇਗਾ। ਤਕਨੀਕੀ ਸਿੱਖਿਆ ਦੇ ਇਤਿਹਾਸ ਦੀ ਇਹ ਅਨਮੋਲ ਵਿਰਾਸਤ ਤਬਾਹ ਹੋ ਜਾਵੇਗੀ।ਇੱਕਲੇ ਮੇਹਰਚੰਦ ਪੋਲੀਟੈਕਨਿਕ ਨੇ ਇਹਨਾਂ ਸੱਤਰ ਸਾਲਾ ਵਿੱਚ 36000 ਤੋਂ ਵੱਧ ਇੰਜੀਨੀਅਰ ਪੈਦਾ ਕੀਤੇ , ਜੋ ਚੀਫ ਇੰਜੀਨੀਅਰ, ਐਸ.ਈ, ਐਕ.ਸੀ.ਐਨ ਬਣ ਕੇ ਰਿਟਾਇਰ ਹੋਏ ਤੇ ਕਈ ਅਜੇ ਵੀ ਸੇਵਾਵਾਂ ਦੇ ਰਹੇ ਹਨ। ਜੇ ਚਾਰ ਕਾਲਜਾਂ ਨੂੰ ਮਿਲਾ ਲਈਏ ਤਾਂ ਲੱਖ ਤੋਂ ਵੀ ਵੱਧ ਇੰਜੀਨੀਅਰਾਂ ਦੀ ਗਿਣਤੀ ਬਣਦੀ ਹੈ , ਜੋ ਇਹਨਾਂ ਵਿਚੋਂ ਪੜ ਕੇ ਪੰਜਾਬ ਅਤੇ ਹਿੰਦੁਸਤਾਨ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ।
ਮਾਣਯੋਗ ਮੰਤਰੀ ਹਰਪਾਲ ਚੀਮਾਂ ਜੀ ਨੂੰ ਅਤੇ ਮਾਣਯੋਗ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੂੰ ਕਹਿਣਾ ਚਾਹੁੰਦਾ ਹਾਂ, ਕਿ ਇਸ ਸਾਲ ਅਸੀਂ ਪਲੈਟੀਨਮ ਜੂਬਲੀ ਮਨਾ ਰਹੇ ਹਨ- ਸੱਤਰ ਸਾਲ ਪੂਰੇ ਜੋ ਗਏ ਹਨ ਸਥਾਪਨਾ ਦੇ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੁਲਾਉਣਾ ਚਾਹੰਦੇ ਹਾਂ। ਉਦਘਾਟਨ ਵਾਸਤੇ। ਕਿਰਪਾ ਕਰਕੇ ਇਹਨਾਂ ਚਾਰ ਸੁਨਹਿਰੀ ਖਾਨਾਂ ਦੀ ਸਾਰ ਲਉ। ਇਹਨਾਂ ਵਿੱਚ ਖਾਲੀ ਪਈਆਂ ਪੋਸਟਾਂ ਭਰਨ ਦੀ ਮੰਜੂਰੀ ਦਿੳ। ਪੇਅ ਕਮੀਸ਼ਨ ਲਾਗੂ ਕਰੋ – ਪਲੈਟੀਨਮ ਜੁਬਲੀ ਤੇ ਇਸ ਤੋਂ ਵਧੀਆ ਗਿਫਟ ਨਹੀਂ ਹੋ ਸਕਦਾ। ਤੁਸੀ ਮੋਦੀ ਸਰਕਾਰ ਤੇ ਇਨਜ਼ਾਮ ਲਾਉਦੇਂ ਹੋ ਕਿ ਪੁਰਾਣੀਆਂ ਵਿਰਾਸਤਾ ਨੂੰ ਖਤਮ ਕਰ ਰਹੇ ਹਨ ਜਾਂ ਵਿਗਾੜ ਰਹੇ ਹਨ।ਪਰ ਇਹ ਇਲਜ਼ਾਮ ਕੱਲ ਨੂੰ ਤੁਹਾਡੇ ਤੇ ਵੀ ਲਗੇਗਾ ਜੇ ਇਹ ਚਾਰੇ ਪੋਲੀਟੈਕਨਿਕ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੇ ਪੰਨਿਆ ਵਿੱਚ ਦਫ਼ਨ ਹੋ ਗਏ।ਆਉਣ ਵਾਲੀ ਪੀੜ੍ਹੀ ਸਵਾਲ ਪੁੱਛੇਗੀ…………??।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।