
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੈਚ ਕਰਵਾਏ ਗਏ। ਇਸ ਅਵਸਰ ’ਤੇ ਪ੍ਰਧਾਨਗੀ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤੀ ਅਤੇ ਉਨਾਂ ਦਾ ਸਾਥ ਡਾ. ਰਛਪਾਲ ਸਿੰਘ, ਡੀਨ ਸਪੋਰਟਸ ਨੇ ਦਿੱਤਾ। ਇਸ ਦੌਰਾਨ ਪਹਿਲਾ ਮੈਚ ਗੁਰੂ ਫੁੱਟਬਾਲ ਕਲੱਬ ਅਤੇ ਬਠਿੰਡਾ ਫੁੱਟਬਾਲ ਕਲੱਬ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਗੁਰੂ ਫੁੱਟਬਾਲ ਕਲੱਬ ਨੇ 5-1 ਨਾਲ ਮੈਚ ਜਿਤਿਆ। ਇਸੇ ਤਰ੍ਹਾਂ ਦੂਸਰਾ ਮੈਚ ਸਕਿਲਰ ਫੁੱਟਬਾਲ ਅਕੈਡਮੀ ਅਤੇ ਗੁਰੂ ਫੁੱਟਬਾਲ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਗੁਰੂ ਫੁੱਟਬਾਲ ਕਲੱਬ 4-0 ਨਾਲ ਜੈਤੂ ਰਿਹਾ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਟੀਮਾਂ ਵਲੋਂ ਉੁੱਚ ਪੱਧਰੀ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਸਾਰੀਆਂ ਟੀਮਾਂ ਨੂੰ ਵਧਾਈ ਦਿੰਦੇ ਕਿਹਾ ਕਿ ਕਾਲਜ ਹਮੇਸ਼ਾਂ ਹੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਤੇ ਵਧੀਆ ਖਿਡਾਰੀ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਉੱਚ ਦਰਜੇ ਦੀ ਖੇਡ ਪ੍ਰਤਿਭਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਦੇਣ ਲਈ ਵਚਨ-ਬਧ ਹੈ। ਇਸ ਮੌਕੇ ਸ੍ਰੀ ਅੰਮ੍ਰਿਤ ਲਾਲ ਸੈਣੀ ਤੋਂ ਇਲਾਵਾ ਕਾਲਜ ਦੇ ਅਧਿਆਪਕ ਸਾਹਿਬਾਨ, ਨਾਨ-ਟੀਚਿੰਗ ਸਟਾਫ ਮੈਂਬਰ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।