
ਜਲੰਧਰ 19 ਅਗਸਤ :ਸ਼ਾਮ ਅਚਾਨਕ ਪੰਜਾਬ ਸਰਕਾਰ ਵੱਲੋਂ ਪਹੁੰਚੀ ਸੂਚਨਾ ਕਿ 20 ਅਗਸਤ ਨੂੰ ਚੰਡੀਗੜ੍ਹ ਵਿਖੇ ਸਬ ਕਮੇਟੀ ਨਾਲ ਹੋਣ ਵਾਲੀਆਂ ਮੀਟਿੰਗਾਂ ਫਿਲਹਾਲ ਮੁਲਤਵੀ ਹਨ ਅਤੇ ਇਹ ਮੀਟਿੰਗਾਂ ਹੁਣ 10 ਸਤੰਬਰ ਨੂੰ ਹੋਣ ਦੀ ਉਮੀਦ ਹੈ।
ਇਸ ਸੂਚਨਾ ਨੇ ਬੇਰੁਜ਼ਗਾਰਾਂ ਦੀਆਂ ਧੜਕਣਾਂ ਹੋਰ ਤੇਜ਼ ਕਰ ਦਿੱਤੀਆਂ ਹਨ।
ਸਰਕਾਰ ਵੱਲੋਂ ਮੀਟਿੰਗਾਂ ਦੇ ਦਿੱਤੇ ਜਾ ਰਹੇ ਭਰੋਸੇ , ਲਾਰੇ ਸਾਬਤ ਹੋ ਰਹੇ ਹਨ।
ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ,ਹਰਜਿੰਦਰ ਸਿੰਘ ਝੁਨੀਰ, ਹਰਪ੍ਰੀਤ ਕੌਰ ਪੰਜੋਲਾ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦਿੱਤੀ।
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਅਤੇ ਉਮਰ ਹੱਦ ਛੋਟ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਸਾਂਝੇ ਮੋਰਚੇ ਨੂੰ ਮੁੱਖ ਮੰਤਰੀ ਨੇ 7 ਜੁਲਾਈ ਨੂੰ ਜਲੰਧਰ ਵਿਖੇ ਆਪਣੀ ਰਿਹਾਇਸ਼ ਉੱਤੇ ਮਿਲਣੀ ਕਰਕੇ ਭਰੋਸਾ ਦਿੱਤਾ ਸੀ ਕਿ ਜਲੰਧਰ ਦੀ ਜ਼ਿਮਨੀ ਚੋਣ ਮਗਰੋ 15 ਜੁਲਾਈ ਦੇ ਨੇੜੇ ਤੇੜੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਖੁਦ ਮੁੱਖ ਮੰਤਰੀ ਕਰਨਗੇ।ਪ੍ਰੰਤੂ ਲੰਬਾ ਸਮਾਂ ਉਡੀਕਣ ਮਗਰੋ ਸਾਂਝੇ ਮੋਰਚੇ ਨੇ 28 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਪ੍ਰਸਾਸਨ ਵੱਲੋ 20 ਅਗਸਤ ਲਈ ਸਬ ਕਮੇਟੀ ਨਾਲ ਪੈਨਲ ਮੀਟਿੰਗ ਦਾ ਪੱਤਰ ਦਿੱਤਾ।
ਇਸੇ ਨੂੰ ਵੇਖਦੇ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਨੇ 15 ਅਗਸਤ ਮੌਕੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਕਾਲੇ ਝੰਡੇ ਵਿਖਾਉਣ ਦਾ ਰੋਸ ਮੁਲਤਵੀ ਕਰ ਦਿੱਤਾ ਸੀ।
ਪ੍ਰੰਤੂ ਅੱਜ ਸ਼ਾਮ ਨੂੰ ਪਹੁੰਚੇ ਸੁਨੇਹੇ ਅਨੁਸਾਰ ਬੇਰੁਜ਼ਗਾਰ ਸਾਂਝੇ ਮੋਰਚੇ ਸਮੇਤ ਹੋਰਨਾਂ ਜਥੇਬੰਦੀਆਂ ਨਾਲ ਰੱਖੀਆਂ ਮੀਟਿੰਗਾਂ ਅੱਗੇ ਪਾਂ ਦਿੱਤੀਆਂ ਹਨ।
ਬੇਰੁਜ਼ਗਾਰ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਡੰਗ ਟਪਾ ਰਹੀ ਹੈ।ਸਰਕਾਰ ਪੰਜਾਬ ਅੰਦਰ ਜਲਦੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਉਡੀਕ ਵਿਚ ਹੈ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਅਸਲੀ ਚਿਹਰਾ ਬੇਪਰਦ ਕਰਨ ਲਈ ਜਲਦੀ ਅਗਲੀ ਯੋਜਨਾ ਉਲੀਕੀ ਜਾਵੇਗੀ ।