
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਇਤਿਹਾਸਿਕ ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਇਸੇ ਲੜੀ ਵਿਚ ਕਾਲਜ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਫੁੱਟਬਾਲ ਦੀ ਅੰਤਰ ਕਾਲਜ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਸਪੋਰਟਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਡਾ. ਰਛਪਾਲ ਸਿੰਘ ਸੰਧੂ, ਡੀਨ ਸਪੋਰਟਸ, ਫੁੱਟਬਾਲ ਦੇ ਕੋਚ ਸ੍ਰੀ ਧਨਵੰਤ ਕੁਮਾਰ ਤੇ ਸ. ਤਜਿੰਦਰ ਸਿੰਘ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ iੰਦੰਦਿਆਂ ਦੱਸਿਆ ਕਿ ਇਸ ਫੁੱਟਬਾਲ ਲੀਗ ਵਿਚ ਯੂਨੀਵਰਸਿਟੀ ਨਾਲ ਸੰਬੰਧਤ ਛੇ ਕਾਲਜਾਂ ਦੀ ਲੀਗ ਹੋਈ। ਜਿਸ ਵਿਚੋਂ ਕਾਲਜ ਨੇ ਪੰਜ ਮੈਚਾਂ ਵਿਚੋਂ 13 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ ਚੈਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਆਪਣੇ ਕੋਚਾਂ ਦੀ ਦੇਖ ਰੇਖ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਕਾਲਜ ਨੇ ਇਹ ਚੈਂਪੀਅਨਸ਼ਿਪ ਜਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ ਉੱਤੇ ਬਹੁਤ ਮਾਣ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਖਾਸ ਸਹੂਲਤਾਂ ਅਤੇ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਮੌਕੇ ਕਾਲਜ ਦੇ ਸਪੋਰਟਸ ਵਿਭਾਗ ਦੇ ਸਟਾਫ ਮੈਂਬਰ ਪ੍ਰੋ. ਅਜੇ ਕੁਮਾਰ ਸਿੰਘ, ਪ੍ਰੋ. ਮਨਵੀਰ ਪਾਲ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਵੀ ਹਾਜ਼ਰ ਸਨ।