ਜਲੰਧਰ (04.02.2025): ਸਿਹਤ ਵਿਭਾਗ ਜਲੰਧਰ ਟੀਬੀ ਦੇ ਖਾਤਮੇ ਲਈ 100 ਦਿਨਾਂ ਦੀ ਟੀਬੀ ਮੁਹਿੰਮ ਦੌਰਾਨ ਲਗਾਤਾਰ ਯਤਨਸ਼ੀਲ ਹੈ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਹੈਮਕੋ ਚੈਰੀਟੇਬਲ ਟ੍ਰਸਟ ਦੇ ਸ਼ਾਂਤ ਗੁਪਤਾ ਵੱਲੋਂ ਜਿਲ੍ਹਾ ਟੀ.ਬੀ. ਕੇਂਦਰ ਜਲੰਧਰ ਵਿਖੇ ਮੰਗਲਵਾਰ ਨੂੰ ਟੀ.ਬੀ. ਦੇ 100 ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾ ਵੰਡੀਆਂ ਗਈਆਂ। ਸਿਵਲ ਸਰਜਨ ਨੇ ਕਿਹਾ ਕਿ ਨਿਯਮਤ ਦਵਾਈ ਅਤੇ ਚੰਗੀ ਖੁਰਾਕ ਹੀ ਟੀ.ਬੀ. ਤੋਂ ਬਚਾਅ ਲਈ ਅਸਲ ਕੁੰਜੀ ਹੈ। ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਣ ਲਈ ਪੋਸ਼ਟਿਕ ਖੁਰਾਕ, ਰੋਜਾਨਾ ਵਰਜਿਸ਼ ਤੇ ਸੈਰ ਜਰੂਰ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਨਿਯਮਤ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮਰੀਜਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟੀ.ਬੀ. ਦਾ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ, ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ, ਸ਼ਾਮ ਸਮੇਂ ਹਲਕਾ ਬੁਖਾਰ, ਲਗਾਤਾਰ ਭਾਰ ਘੱਟਣਾ, ਥਕਾਵਟ ਅਤੇ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਹੋਵੇ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਲਾਇਲਾਜ ਨਹੀਂ ਹੈ, ਸਰਕਾਰ ਟੀ.ਬੀ. ਦੇ ਮਰੀਜਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ, ਜਾਂਚ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜੋ ਕਿ ਪ੍ਰਭਾਵਸ਼ਾਲੀ ਅਤੇ ਮੁਫ਼ਤ ਹਨ।
ਸਿਵਲ ਸਰਜਨ ਵੱਲੋਂ ਟੀਬੀ ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾਂ ਦੇਣ ਲਈ ਹੈਮਕੋ ਚੈਰੀਟੇਬਲ ਟ੍ਰਸਟ ਦੇ ਸ਼ਾਂਤ ਗੁਪਤਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਹੋਰ ਸੰਸਥਾਵਾਂ ਨੂੰ ਵੀ 100 ਦਿਨਾਂ ਦੀ ਟੀਬੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ, ਡਾ. ਰਘੂ ਸੱਭਰਵਾਲ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰ ਅਤੇ ਸਮੂਹ ਐਨਟੀਈਪੀ ਸਟਾਫ ਮੌਜੂਦ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।