ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਸ. ਬਲਬੀਰ ਸਿੰਘ ਨੇ ਪੈਂਤੀ ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਲਾਇਲਪੁਰ ਖ਼ਾਲਸਾ ਕਾਲਜ ਨੇ ਉਹਨਾਂ ਦੀ ਸੁਯੋਗ ਅਗਵਾਈ ਵਿੱਚ ਹੀ ਵਿੱਦਿਆ, ਕਲਚਰਲ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਉਨ੍ਹਾਂ ਦੀ 17ਵੀਂ ਬਰਸੀ ਮਿਤੀ 13 ਫਰਵਰੀ 2025 ਨੂੰ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਬਲਬੀਰ ਸਿੰਘ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਹ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕੰਪਿਊਟਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਤੇ ਅਜਿਹੀ ਕਿੱਤਾ ਮੁਖੀ ਪੜ੍ਹਾਈ ਕਾਲਜਾਂ ਵਿੱਚ ਪੜ੍ਹਾਉਣ ਵਾਸਤੇ ਮੁੱਢਲੇ ਯਤਨ ਕੀਤੇ। ਉਹਨਾਂ ਨੇ ਕੇਵਲ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੰਸਥਾਵਾਂ ਵਿੱਚ ਸੁਯੋਗ ਵਾਤਾਵਰਨ ਵੀ ਬਣਾਇਆ। ਉਹ ਪੰਜਾਬ ਦੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ। ਦੇਸ਼ ਵਿੱਚ ਕਾਂਗਰਸ ਸਰਕਾਰ ਸਮੇਂ 1992 ਤੋਂ 1998 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ ਅਤੇ 1999 ਤੋਂ 2004 ਈ. ਤੱਕ ਦੇਸ਼ ਦੀ 13ਵੀਂ ਲੋਕ ਸਭਾ ਦੇ ਮੈਂਬਰ ਵੀ ਰਹੇ। ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਐਮ.ਪੀ. ਫੰਡ ਵਿੱਚੋਂ ਫੰਡ ਦੇ ਕੇ ਕਈ ਲੋਕ-ਭਲਾਈ ਯੋਜਨਾਵਾਂ ਆਰੰਭ ਕੀਤੀਆਂ ਅਤੇ ਆਪਣਾ ਸਮੁੱਚਾ ਰਾਜਨੀਤਕ ਜੀਵਨ ਉਹਨਾਂ ਨੇ ਲੋਕ-ਲੇਖੇ ਲਗਾਇਆ। ਉਹ 2005 ਤੋਂ 2008 ਤੱਕ ਐਨ.ਆਰ. ਆਈ ਸਭਾ ਪੰਜਾਬ ਦੇ ਪੈਟਰਨ ਰਹੇ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕੀਤਾ। ਉਨ੍ਹਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਨੇ ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਵਿੱਚ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿ੍ਹਆ ਤਾਂ ਕਿ ਇਲਾਕੇ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਇਆ ਜਾ ਸਕੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।