34 ਟੀ.ਬੀ. ਮੁਕਤ ਪਿੰਡਾਂ ਦੇ ਸਰਪੰਚਾਂ ਨੂੰ ਕੀਤਾ ਸਨਮਾਨਿਤ
ਜਲੰਧਰ (24.03.2025) : ” ਵਿਸ਼ਵ ਟੀ.ਬੀ. ਦਿਵਸ” ਮੌਕੇ ਸਿਹਤ ਵਿਭਾਗ ਜਲੰਧਰ ਵੱਲੋਂ ਸੋਮਵਾਰ ਨੂੰ ਰੈੱਡ ਕਰਾਸ ਭਵਨ ਵਿਖੇ ਜਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਵਿੱਚ ਹੋਏ ਸਮਾਰੋਹ ਦੌਰਾਨ ਸ਼੍ਰੀ ਨਿਤੇਸ਼ ਕੁਮਾਰ ਆਈ.ਏ.ਐੱਸ. ਚੀਫ ਐਡਮਿਨਿਸਟਰੇਟਰ ( ਜਲੰਧਰ ਡਿਵੈੱਲਪਮੈਂਟ ਅਥਾਰਟੀ ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਵੱਲੋਂ ਜਯੋਤੀ ਪ੍ਰਜਵਲ ਕਰਕੇ ਸਮਾਰੋਹ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਸ਼੍ਰੀ ਨਿਤੇਸ਼ ਕੁਮਾਰ ਆਈ.ਏ ਐੱਸ. ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਸਾਲ 24 ਮਾਰਚ ਨੂੰ ਟੀ.ਬੀ. ਬਿਮਾਰੀ ਤੋਂ ਬਚਾਅ ਪ੍ਰਤੀ ਜਨ-ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ” ਵਿਸ਼ਵ ਟੀ.ਬੀ. ਦਿਵਸ” ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਟੀ.ਬੀ. ਬਿਮਾਰੀ ਇੱਕ ਛੂਤ ਦਾ ਰੋਗ ਹੈ ਅਤੇ ਜੇਕਰ ਇਸ ਬਿਮਾਰੀ ਦੇ ਲੱਛਣ ਪਾਏ ਜਾਣ ‘ਤੇ ਇਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ। ਉਨ੍ਹਾਂ ਵੱਲੋਂ ਟੀ.ਬੀ. ਖਾਤਮੇ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਾਲਾਘਾ ਕੀਤੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ.ਬੀ. ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦਾ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ 7 ਦਸੰਬਰ 2024 ਨੂੰ “100 ਦਿਨਾਂ ਟੀ.ਬੀ. ਮੁਕਤ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ ਸੀ । ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ 2,65,783 ਵਿਅਕਤੀਆਂ ਦੀ ਟੀ.ਬੀ. ਸਕਰਿਨਿੰਗ ਕੀਤੀ ਗਈ, 6,673 ਮਰੀਜ਼ਾਂ ਦੇ ਐਕਸ-ਰੇ ਕੀਤੇ ਗਏ।ਇਸ ਮੁਹਿਮ ਦੌਰਾਨ ਹੁਣ ਤੱਕ 1,818 ਟੀ.ਬੀ. ਦੇ ਮਰੀਜ਼ਾਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਜਿਲ੍ਹੇ ਭਰ ਵਿੱਚ 34 ਪਿੰਡ ਟੀ.ਬੀ. ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਪਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਟੀ.ਬੀ. ਚੈਂਪੀਅਨਜ਼ ਨੇ “100 ਦਿਨਾਂ ਟੀ.ਬੀ. ਮੁਕਤ ਮੁਹਿੰਮ” ਦੌਰਾਨ ਅਹਿਮ ਭੂਮਿਕਾ ਨਿਭਾਈ ਹੈ।
ਜਿਲ੍ਹਾ ਟੀ.ਬੀ. ਅਫਸਰ ਡਾ. ਰਿਤੂ ਦਾਦਰਾ ਵਲੋਂ ਟੀ.ਬੀ. ਰੋਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਇਸ ਰੋਗ ਦੇ ਲਛੱਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤਿਆਂ ਤੋਂ ਵੱਧ ਖੰਘ, ਸ਼ਾਮ ਵੇਲੇ ਹਲਕਾ ਬੁਖਾਰ, ਲਗਾਤਾਰ ਭਾਰ ਘੱਟਣਾ ਅਤੇ ਭੁਖ ਘੱਟ ਲੱਗਣ ਦੀ ਸ਼ਿਕਾਇਤ
ਹੋਵੇ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਤੁਰੰਤ ਜਾਂਚ ਕਰਵਾਣੀ ਚਾਹੀਦੀ ਹੈ।
ਸਮਾਗਮ ਦੌਰਾਨ ਮੁੱਖ ਮਹਿਮਾਨ ਸ਼੍ਰੀ ਨਿਤੇਸ਼ ਕੁਮਾਰ ਆਈ.ਏ.ਐੱਸ. ਵੱਲੋਂ ਜਿਲ੍ਹੇ ਵਿੱਚ ਟੀ.ਬੀ. ਮੁਕਤ ਹੋ ਚੁੱਕੇ 34 ਪਿੰਡਾਂ ਦੇ ਸਰਪੰਚਾਂ, ਨਿ-ਕਸ਼ੈ ਮਿੱਤਰਾ ਸ਼ਾਂਤ ਗੁਪਤਾ ਅਤੇ ਟੀ.ਬੀ.ਚੈਂਪੀਅਨਜ਼ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ 100 ਟੀ.ਬੀ. ਮਰੀਜ਼ਾਂ ਨੂੰ ਨਿਊਟ੍ਰਿਸ਼ਨ ਕਿੱਟਾਂ ਵੀ ਵੰਡੀਆਂ ਗਈਆਂ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਡਾ. ਰਘੂ ਸਭਰਵਾਲ ਸਪੈਸ਼ਲਿਸਟ ਚੈਸਟ ਐਂਡ ਟੀ.ਬੀ., ਡਾ. ਸ਼ੀਨੂ ਵਿਵੇਕ ਜਿਲ੍ਹਾ ਟੀ.ਬੀ. ਕੋਆਰਡੀਨੇਟਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਿਪਟੀ ਐਮ.ਈ.ਆਈ. ਓ. ਅਸੀਮ ਸ਼ਰਮਾ, ਸ਼੍ਰੀ ਮਨਜਿੰਦਰ ਸਿੰਘ ਜਿਲ੍ਹਾ ਸਕੱਤਰ ਰੈੱਡ ਕਰਾਸ ਜਲੰਧਰ, ਸੰਜੇ ਕੁਮਾਰ ਜਿਲ੍ਹਾ ਲੀਡ (ਟੀ.ਬੀ. ਅਲਰਟ ਇੰਡੀਆ ਸੰਸਥਾ) , ਸਿਹਤ ਵਿਭਾਗ ਦਾ ਸਟਾਫ ਅਤੇ ਆਮ ਲੋਕ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।