
ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਰਦਾਰ ਸੁਰਜੀਤ ਸਿੰਘ ਰੱਖੜਾ ਅਤੇ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜੱਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਤੋਂ ਲੈਕੇ ਹੋਰ ਵੱਡੇ – ਛੋਟੇ ਅਹੁਦਿਆਂ ਲਈ ਹੁੰਦੀਆਂ ਨਿਯੁਕਤੀਆਂ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਆਖੋਂ ਪਰੋਖੇ ਕਰਨ ਅਤੇ ਇਸ ਤੋਂ ਬਾਅਦ ਸ਼ਰਤਾਂ ਨਾ ਪੂਰੀਆਂ ਕਰਦੇ ਲੋਕਾਂ ਵੱਲੋਂ ਉੱਚ ਅਹੁਦਿਆਂ ਤੇ ਬੈਠ ਕੇ ਕੀਤੀ ਜਾਂਦੀ ਲੁੱਟ ਖਸੁੱਟ ਅਤੇ ਮੁਲਾਜ਼ਮਾਂ ਨਾਲ ਕੀਤਾ ਜਾਂਦੇ ਮਾੜੇ ਵਿਵਹਾਰ ਕਾਰਨ ਸੰਸਥਾ ਨੂੰ ਡੂੰਘੀ ਢਾਅ ਲੱਗੀ ਹੈ। ਆਪ ਹੁਦਰੇ ਅਤੇ ਮਨਮਾਨੀ ਤਹਿਤ ਕੀਤੀਆਂ ਜਾਂਦੀਆਂ ਨਿਯੁਕਤੀਆਂ ਲਈ ਸਿੱਧੇ ਤੌਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਉਸ ਦਾ ਆਕਾ ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ।
ਇਸ ਗੰਭੀਰ ਮੁੱਦੇ ਨੂੰ ਜਨਤਕ ਕਰਦੀ ਖਬਰ ਦਾ ਸਖ਼ਤ ਨੋਟਿਸ ਲੈਂਦਿਆਂ ਸਰਦਾਰ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਐਸਜੀਪੀਸੀ ਵਲੋਂ ਵਿੱਦਿਅਕ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ, ਪਰ ਅਫਸੋਸ ਹੈ ਕਿ ਅੱਜ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਡਾਇਰੈਕਟਰ ਅਤੇ ਸਕੱਤਰ ਵਜੋਂ ਜਿਸ ਸਖ਼ਸ਼ ਦੀ ਨਿਯੁਕਤੀ ਹੋਈ ਹੈ, ਉਹ ਪੂਰੀ ਤਰਾਂ ਨਿਯਮਾਂ ਅਤੇ ਸ਼ਰਤਾਂ ਨੂੰ ਅੱਖੋ ਪਰੋਖੇ ਕਰਕੇ ਕੀਤੀ ਗਈ ਹੈ। ਸਾਲ 2017 ਦੌਰਾਨ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਡਾਇਰੈਕਟਰ ਲੱਗਣ ਲਈ ਜਿਹੜੀਆਂ ਸ਼ਰਤਾਂ ਅਤੇ ਮਾਪਦੰਡ ਤੈਅ ਕੀਤੇ ਗਏ ਸਨ,ਜਿਨਾ ਵਿੱਚ ਇਸ ਅਸਾਮੀ ਤੇ ਲੱਗਣ ਲਈ ਘੱਟੋ ਘੱਟ ਉਚੇਰੀ ਸਿੱਖਿਆ ਖੇਤਰ ਵਿੱਚ 20 ਸਾਲ ਪੜਾਉਣ ਦਾ ਤਜੁਰਬਾ, ਤਿੰਨ ਸਾਲ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਉਣ ਅਤੇ ਪੀਐੱਚਡੀ ਹੋਣਾ ਲਾਜ਼ਮੀ ਹੈ, ਇਸ ਵਿੱਚੋਂ ਇੱਕ ਵੀ ਸ਼ਰਤ ਅਤੇ ਨਿਯਮ ਤੇ ਖਰੇ ਨਾ ਉਤਰਨ ਵਾਲੇ ਇੱਕੋ ਸਖ਼ਸ਼ ਨੂੰ ਦੋ -ਦੋ ਵੱਡੀਆਂ ਜ਼ਿੰਮੇਵਾਰੀਆਂ ਦੇਕੇ ਸਿੱਖਾਂ ਦੀ ਸਰਵਉਚ ਸੰਸਥਾ ਨੂੰ ਨਿਘਾਰ ਵੱਲ ਲੈਕੇ ਜਾਣ ਦਾ ਕੰਮ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ,ਇਸ ਸਖ਼ਸ਼ ਨੂੰ ਡਾਇਰੈਕਟਰ ਲਗਾਉਣ ਲਈ ਨਾ ਸਿਰਫ ਸ਼ਰਤਾਂ ਅਤੇ ਨਿਯਮਾਂ ਨੂੰ ਤੋੜਿਆ ਗਿਆ, ਉਸ ਤੋ ਵੀ ਅੱਗੇ ਉਸ ਸਖ਼ਸ਼ ਵਲੋ ਹਰ ਰੋਜ ਆਪਣੇ ਸਟਾਫ ਨਾਲ ਮਾੜਾ ਵਰਤਾਓ ਤੱਕ ਕੀਤਾ ਜਾਂਦਾ ਹੈ। ਸਰਕਾਰੀ ਗ੍ਰਾਂਟਾਂ ਦੇ ਵਿੱਚ ਵੱਡੇ ਘੁਟਾਲੇ ਤੋਂ ਇਨਕਾਰ ਨਾ ਕਰਦੀ ਖਬਰ ਨਸ਼ਰ ਹੋਣਾ ਅਤੇ ਇਸ ਉਪਰ ਐਸਜੀਪੀਸੀ ਵਲੋ ਕੋਈ ਸਪੱਸ਼ਟੀਕਰਨ ਨਾ ਦੇਣਾ ਸਾਬਿਤ ਕਰਦਾ ਹੈ, ਇਹਨਾ ਘੁਟਾਲਿਆਂ ਦੀ ਪੈੜ ਦੂਰ ਤੱਕ ਜਾਂਦੀ ਹੈ । ਇਸ ਕਰਕੇ ਇਸ ਸਖ਼ਸ਼ ਦੇ ਕਾਰਜਕਾਲ ਦੀ ਜਾਂਚ ਕਰਵਾਈ ਜਾਵੇ।
ਜਾਰੀ ਬਿਆਨ ਵਿੱਚ ਸਰਦਾਰ ਰੱਖੜਾ ਅਤੇ ਸਰਦਾਰ ਢੀਂਡਸਾ ਨੇ ਕਿਹਾ ਕਿ, ਖ਼ਬਰ ਨਸ਼ਰ ਹੋਣ ਤੋਂ ਬਾਅਦ ਡਾਇਰੈਕਟਰ ਆਫ ਐਜੂਕੇਸ਼ਨ ਆਪਣੇ ਜੂਨੀਅਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਪਣੇ ਪੱਖ ਵਿੱਚ ਭੁਗਤਦੀਆਂ ਖਬਰਾਂ ਲਗਵਾਉਣ ਅਤੇ ਡਾਇਰੀ ਲਿਖਣ ਤੱਕ ਦਬਾਅ ਬਣਾ ਰਿਹਾ ਹੈ। ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਇਸ ਵਿਅਕਤੀ ਦੇ ਮਾੜੇ ਵਰਤਾਰੇ ਕਾਰਨ ਐਨਏਆਈਐੱਸ ਦੇ ਕੋਆਰਡੀਨੇਟਰ ਵੀ ਅਸਤੀਫ਼ਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਜੱਥੇਦਾਰ ਤੋਤਾ ਸਿੰਘ ਦੇ ਸਪੁੱਤਰ ਸਰਦਾਰ ਬਰਜਿੰਦਰ ਸਿੰਘ ਬਰਾੜ ਵੀ ਇਹਨਾਂ ਬੇਨਿਯਮਿਆਂ ਕਾਰਨ ਮੋਗਾ ਸਥਿਤ ਸ਼੍ਰੋਮਣੀ ਕਮੇਟੀ ਦੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਵਿੱਚ ਬਤੌਰ ਆਨਰੇਰੀ ਐਡੀਸ਼ਨਲ ਸਕੱਤਰ ਲੀਗਲ ਮੈਨੇਜਿੰਗ ਕਮੇਟੀ ਵਜੋ ਅਸਤੀਫ਼ਾ ਦੇ ਚੁੱਕੇ ਹਨ।