
ਜਲੰਧਰ (21.05.2025): ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਬੁੱਧਵਾਰ ਨੂੰ ਗੁਰੂ ਨਾਨਕ ਐਂਟਰਪ੍ਰਾਈਸਿਜ਼ ਲਿਮਿਟੇਡ ਗੋਰਾਇਆ ਵਿਖੇ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਇਹ ਸੈਮੀਨਾਰ ਗੁਰੂ ਨਾਨਕ ਐਂਟਰਪ੍ਰਾਇਸਿਜ਼ ਲਿਮਿਟੇਡ ਦੀ ਐਗਜੀਕਿਉਟਿਵ ਡਾਇਰੈਕਟਰ ਅਮਰਦੀਪ ਕੌਰ ਦੇ ਸਹਿਯੋਗ ਨਾਲ ਇੰਡਸਟ੍ਰੀ ਦੇ ਸਟਾਫ ਨੂੰ ਸਿਹਤ ਸੰਭਾਲ ਅਤੇ ਨਿਊਟ੍ਰੀਸ਼ਨ ਡਾਈਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਸ਼ੋਭਨਾ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਸਰੀਰ ਉਦੋਂ ਹੀ ਸਿਹਤਮੰਦ ਰਹੇਗਾ, ਜਦੋਂ ਉਸ ਨੂੰ ਲੋੜੀਂਦੇ ਪੌਸ਼ਟਿਕ ਤੱਤ ਮਿਲਣਗੇ, ਪਰ ਅੱਜ ਦੇ ਯੁੱਗ ਵਿੱਚ ਲਗਭਗ ਹਰ ਉਮਰ ਦੇ ਲੋਕਾਂ ਵਿੱਚ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਫੀ ਵੱਧ ਗਈਆਂ ਹਨ। ਇਸ ਲਈ ਲੋਕਾਂ ਨੂੰ ਸਰੀਰ ਲਈ ਪੋਸ਼ਣ ਦੀ ਲੋੜ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸੂਖਮ ਪੌਸ਼ਟਿਕ ਤੱਤ ਉਹ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਇੱਕ ਵਿਅਕਤੀ ਨੂੰ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਹੈ। ਸੂਖਮ ਪੌਸ਼ਟਿਕ ਤੱਤਾਂ ਵਿੱਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਭਾਵੇਂ ਸਰੀਰ ਨੂੰ ਇਨ੍ਹਾਂ ਦੀ ਥੋੜ੍ਹੀ ਮਾਤਰਾ ਦੀ ਲੋੜ ਹੁੰਦੀ ਹੈ, ਪਰ ਇਨ੍ਹਾਂ ਦੀ ਕਮੀ ਨਾਲ ਸਿਹਤ ਖਰਾਬ ਹੋ ਸਕਦੀ ਹੈ। ਮੈਕਰੋਨਿਊਟ੍ਰੀਐਂਟਸ ਉਹ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਲੋੜ ਹੁੰਦੀ ਹੈ। ਮੈਕਰੋ ਪੌਸ਼ਟਿਕ ਤੱਤਾਂ ਵਿੱਚ ਪਾਣੀ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਸ਼ਾਮਲ ਹੈ। ਇਸ ਦੌਰਾਨ ਉਨ੍ਹਾਂ ਨੇ ਪੋਸ਼ਣ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਅਪਣਾਉਣ ਪ੍ਰਤਿ ਉਤਸਾਹਿਤ ਕੀਤਾ। ਉਨ੍ਹਾਂ ਨੇ ਸਟਾਫ ਨੂੰ ਫਾਸਟ ਫੂਡ ਤੋਂ ਪਰਹੇਜ ਕਰਨ ਅਤੇ ਹਰੀ ਸਬਜੀਆਂ ਅਤੇ ਪੋਟੀਨ ਯੁਕਤ ਭੋਜਨ ਖਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਜੇ.ਐਸ. ਮਾਹਲ ਅਤੇ ਡਾ. ਦਰਸ਼ਨ ਬੱਧਣ ਵੱਲੋਂ ਵੀ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੋਸ਼ਕ ਤੱਤਾਂ ਦੀ ਕਮੀ ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਅਤੇ ਦਵਾਈ ਲੈਣੀ ਚਾਹੀਦੀ ਹੈ। ਇਸ ਮੌਕੇ ਪਵਨ ਕਸ਼ਯਪ, ਰਾਜੇਸ਼ ਸ਼ਰਮਾ, ਕ੍ਰਾਂਤੀ ਸ਼ਰਮਾ, ਸ਼ਿਵਾਨੀ, ਰਾਜਿੰਦਰ ਸਿੰਘ ਅਤੇ ਇੰਡਸਟ੍ਰੀ ਦਾ ਸਟਾਫ ਮੌਜੂਦ ਸੀ।