
ਜਲੰਧਰ, 18 ਜੁਲਾਈ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਦੇ ਅੰਤਰਗਤ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਵਿੱਚ ਈ.ਐੱਸ.ਆਈ. ਹਸਪਤਾਲ ਜਲੰਧਰ ਵਿਖੇ ਮਾਸਟਰ ਟਰੇਨਰਾਂ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਗਈ।ਇਸ ਮੌਕੇ ਮੈਡੀਕਲ ਸੁਪਰਡੈਂਟ (ਈ.ਐੱਸ.ਆਈ. ਹਸਪਤਾਲ) ਡਾ. ਵੰਦਨਾ ਸੱਗੜ ਵੀ ਮੌਜੂਦ ਸਨ।ਡਾ. ਗੁਰਪ੍ਰੀਤ ਕੌਰ ਐੱਸ.ਐੱਮ.ਓ. ਆਈ ਮੋਬਾਈਲ ਯੂਨਿਟ ਦੀ ਦੇਖਰੇਖ ਵਿੱਚ ਆਯੋਜਿਤ ਇਸ ਟਰੇਨਿੰਗ ਵਿੱਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਅਧਿਆਪਕਾਂ ਨੂੰ ਓਪਥੈਲਮਿਕ ਅਫਸਰ ਵਿਸ਼ਾਲ ਖੰਨਾ ਵੱਲੋਂ ਵਿਜ਼ੂਅਲ ਸਕ੍ਰੀਨਿੰਗ ਦੀ ਟ੍ਰੇਨਿੰਗ ਦਿੱਤੀ ਗਈ, ਜੋ ਹੁਣ ਜ਼ਿਲ੍ਹੇ ਭਰ ਦੇ ਹੋਰ ਵਿਿਗਆਨ ਅਧਿਆਪਕਾਂ ਨੂੰ ਸਿੱਖਿਅਤ ਕਰਨਗੇ ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮਾਸਟਰ ਟਰੇਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਹਰ ਬੱਚੇ ਦਾ ਮੂਲ ਅਧਿਕਾਰ ਹੈ ਅਤੇ ਇਸਨੂੰ ਸੁਰੱਖਿਅਤ ਰੱਖਣਾ ਸਾਡੇ ਸਾਰੇ ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦੀ ਪਛਾਣ ਜਿੰਨੀ ਜਲਦੀ ਹੋਵੇ, ਉਨ੍ਹਾਂ ਦੀ ਉਨ੍ਹਾਂ ਦੀ ਰੋਕਥਾਮ ਅਤੇ ਇਲਾਜ ਓਨੇ ਹੀ ਬਿਹਤਰ ਹੋ ਸਕਦੇ ਹਨ।ਉਨ੍ਹਾਂ ਵਧੇਰੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ, ਖਾਸ ਕਰਕੇ ਵਿਿਗਆਨ ਅਧਿਆਪਕ, ਜਿਹੜੇ ਰੋਜ਼ਾਨਾ ਬੱਚਿਆਂ ਨਾਲ ਸਿੱਧਾ ਸੰਪਰਕ ਵਿੱਚ ਰਹਿੰਦੇ ਹਨ, ਉਹ ਵਿਜ਼ੂਅਲ ਸਕ੍ਰੀਨਿੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਟਰੇਨਿੰਗ ਉਨ੍ਹਾਂ ਨੂੰ ਅੱਖਾਂ ਦੀਆਂ ਆਮ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗੀ।
ਉਨ੍ਹਾਂ ਕਿਹਾ ਕਿ ਜਦੋਂ ਅਧਿਆਪਕ ਬੱਚਿਆਂ ਵਿੱਚ ਇਨ੍ਹਾਂ ਲੱਛਣਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਰ.ਬੀ.ਐੱਸ. ਕੇ. (ਰਾਸ਼ਟਰੀ ਬਾਲ ਸਵਾਸਥ੍ਯ ਕਾਰਕ੍ਰਮ) ਦੀ ਟੀਮ ਤੱਕ ਪਹੁੰਚਾਉਂਦੇ ਹਨ, ਤਾਂ ਉਨ੍ਹਾਂ ਨੂੰ ਅਤੇ ਸਮੇਂ ਸਿਰ ਮੁਫ਼ਤ ਇਲਾਜ ਦੀ ਸਹੂਲਤ ਮਿਲ ਸਕਦੀ ਹੈ, ਜੋ ਅਗੇ ਚੱਲ ਕੇ ਬੱਚਿਆਂ ਦੇ ਅਕਾਦਮਿਕ ਜੀਵਨ ਤੇ ਨਿੱਜੀ ਵਿਕਾਸ ਦੋਹਾਂ ਲਈ ਲਾਭਕਾਰੀ ਸਾਬਤ ਹੋਵੇਗਾ ।ਸਿਵਲ ਸਰਜਨ ਨੇ ਉਮੀਦ ਜਤਾਈ ਕਿ ਇਹ ਮਾਸਟਰ ਟਰੇਨਰ ਅੱਗੇ ਹੋਰ ਅਧਿਆਪਕਾਂ ਨੂੰ ਟਰੇਨ ਕਰਕੇ ਜ਼ਿਲ੍ਹੇ ਦੇ ਹਰ ਸਕੂਲ ਤੱਕ ਇਹ ਯਤਨ ਪਹੁੰਚਾਉਣਗੇ ਅਤੇ ਅੱਖਾਂ ਦੀ ਸੰਭਾਲ ਲਈ ਇੱਕ ਮਜ਼ਬੂਤ ਨੈੱਟਵਰਕ ਤਿਆਰ ਕਰਨਗੇ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਐੱਸ.ਐੱਮ.ਓ. ਡਾ. ਅਰੁਣ ਵਰਮਾ, ਐੱਸ.ਐੱਮ.ਓ. ਡਾ. ਗਗਨਦੀਪ ਸਿੰਘ, ਸ਼੍ਰੀ ਦੀਪਕ ਚੌਪੜਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਸ੍ਰੀਮਤੀ ਅਮਰਜੀਤ ਕੌਰ ਵੀ ਹਾਜ਼ਰ ਸਨ।