
ਜਲੰਧਰ (05-09-2025) ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਤੇ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਜਿਲ੍ਹੇ ਅੰਦਰ ਡੇਂਗੂ ਦੀ ਰੋਕਥਾਮ ਦੇ ਮੱਦੇਨਜਰ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਦੇ ਮੱਦੇਨਜਰ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ ਸ਼ੁੱਕਰਵਾਰ ਨੂੰ ਬਸਤੀ ਨੌ ਵਿਖੇ ਘਰ-ਘਰ ਜਾ ਕੇ ਡੇਂਗੂ ਰੋਕਥਾਮ ਹਿੱਤ ਮੁਹਿੰਮ ਦੀ ਅਗਵਾਈ ਕੀਤੀ ਗਈ। ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਮੈਡੀਕਲ ਅਫ਼ਸਰ ਰਮਨ ਅਰੋੜਾ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਨਰਸਿੰਗ ਵਿਦਿਆਰਥਣਾਂ ਅਤੇ ਐਂਟੀ ਲਾਰਵਾ ਟੀਮਾਂ ਵੱਲੋਂ ਡੇਂਗੂ ਸਰਵੇ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਬਾਰਿਸ਼ ਕਾਰਨ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ “ਡਰਾਈ ਡੇ” ਮੁਹਿੰਮ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਸੰਭਾਵਿਤ ਥਾਵਾਂ ‘ਤੇ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ, ਲਾਰਵਾ ਮਿਲਣ ‘ਤੇ ਉਸਨੂੰ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਫੋਗਿੰਗ ਵੀ ਕਰਵਾਈ ਗਈ।
ਡਾ. ਰਮਨ ਗੁਪਤਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਰਿਸ਼ ਦੇ ਮੌਸਮ ਦੌਰਾਨ ਖੜ੍ਹਾ ਪਾਣੀ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਵੀ ਬਹੁਤ ਜਰੂਰੀ ਹੈ। ਜੇ ਹਰ ਪਰਿਵਾਰ ਹਫ਼ਤੇ ਵਿੱਚ ਇੱਕ ਦਿਨ “ਡਰਾਈ ਡੇ” ਵਜੋਂ ਮਨਾਵੇ, ਤਾਂ ਇਹ ਬਿਮਾਰੀਆਂ ਆਸਾਨੀ ਨਾਲ ਕਾਬੂ ਆ ਸਕਦੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਘਰ ਵਿੱਚ ਪਾਣੀ ਵਾਲੇ ਸਾਰੇ ਬਰਤਨ, ਟੈਂਕੀਆਂ, ਕੁਲਰ, ਗਮਲੇ ਅਤੇ ਬਾਲਟੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਕੇ ਚੰਗੀ ਤਰ੍ਹਾਂ ਸੁੱਕਾਇਆ ਜਾਵੇ। ਛੱਤਾਂ ਉੱਤੇ ਪਏ ਪੁਰਾਣੇ ਟਾਇਰਾਂ, ਬੋਤਲਾਂ ਅਤੇ ਹੋਰ ਖਾਲੀ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਇਸ ਜਾਗਰੂਕਤਾ ਮੁਹਿੰਮ ਵਿੱਚ ਨਰਸਿੰਗ ਵਿਦਿਆਰਥਣਾਂ, ਆਸ਼ਾ ਵਰਕਰਾਂ ਅਤੇ ਏ.ਐੱਨ.ਐੱਮ.ਜ਼ ਨੇ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਾਫ਼-ਸਫ਼ਾਈ ਦੀ ਮਹੱਤਤਾ ਬਾਰੇ ਦੱਸਿਆ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਕਿਸੇ ਨੂੰ ਬੁਖਾਰ ਜਾਂ ਸਰੀਰ ਦਰਦ ਵਰਗੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਈ ਜਾਵੇ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਗਠਿਤ ਟੀਮਾਂ ਵੱਲੋਂ ਕੁੱਲ 3683 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 1162 ਘਰਾਂ ਅਤੇ ਪੇਂਡੂ ਖੇਤਰ ਵਿੱਚ 2521 ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਇਸ ਦੌਰਾਨ 23 ਥਾਵਾਂ ‘ਤੇ ਡੇਂਗੂ ਲਾਰਵਾ ਪਾਇਆ ਗਿਆ, ਜਿਸਨੂੰ ਨਿਰਧਾਰਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ।