
ਜਲੰਧਰ, 6 ਸਤੰਬਰ 2025 – ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹਾਂ ਵਰਗੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਲੰਧਰ ਜ਼ਿਲ੍ਹੇ ਵਿੱਚ ਸਿਵਲ ਸਰਜਨ (ਕਾਰਜਾਕਰੀ) ਡਾ. ਰਮਨ ਗੁਪਤਾ ਵੱਲੋਂ 16 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਹ ਨਿਯੁਕਤੀਆਂ ਸ਼ਾਹਕੋਟ, ਮਹਿਤਪੁਰ, ਬਿਲਗਾ, ਲੋਹੀਆਂ ਅਤੇ ਫਿਲੌਰ ਵਿਖੇ ਲੋਕਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੀਆਂ ਗਈਆਂ ਹਨ।
ਡਾ. ਰਮਨ ਗੁਪਤਾ ਨੇ ਨਵੇਂ ਨਿਯੁਕਤ ਮੈਡੀਕਲ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਮਾਨਦਾਰੀ, ਤਨਦੇਹੀ ਅਤੇ ਲੋਕ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਕਟ ਦੇ ਸਮੇਂ ਲੋਕਾਂ ਤੱਕ ਸਮੇਂ ਸਿਰ ਇਲਾਜ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ।
ਉਨ੍ਹਾਂ ਨੇ ਇਨ੍ਹਾਂ ਨਵਨਿਯੁਕਤ 16 ਮੈਡੀਕਲ ਅਫ਼ਸਰ ਨੂੰ ਲੋਕਾਂ ਨੂੰ ਉੱਚ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਦੇਣ ਅਤੇ ਸਿਹਤ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਗੁਪਤਾ ਨੇ ਨਵੇਂ ਅਫ਼ਸਰਾਂ ਨੂੰ ਟੀਮ ਵਜੋਂ ਕੰਮ ਕਰਦਿਆਂ ਲੋਕਾਂ ਦੀ ਸੇਵਾ ਲਈ ਵਚਨਬੱਧ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਮੈਡੀਕਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਰਹੇ। ਨਵੇਂ ਅਫ਼ਸਰਾਂ ਨੇ ਆਪਣੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਲੋਕ ਸੇਵਾ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।