ਜਲੰਧਰ, 01 ਅਕਤੂਬਰ ( ) : ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਰੈੱਡ ਕ੍ਰਾਸ ਸੀਨੀਅਰ ਸਿਟੀਜ਼ਨ ਹੋਮ, ਮਕਸੂਦਾਂ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਹਾਇਕ ਸਿਹਤ ਅਫ਼ਸਰ ਡਾ. ਮੀਰਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਜਿਸ ਵਿੱਚ ਮੈਡੀਕਲ ਅਫ਼ਸਰ ਡਾ ਸੰਗੀਨਾ ਅਤੇ ਟੀਮ ਵੱਲੋਂ ਕੈਂਪ ਦੌਰਾਨ ਮੌਜੂਦ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ, ਖ਼ੂਨ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੇ ਮੈਨੇਜਰ ਸ਼੍ਰੀ ਰਾਮ ਲਾਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਤਰਸੇਮ ਲਾਲ, ਏ.ਐੱਨ.ਐੱਮ.ਅਮਨਦੀਪ ਕੌਰ, ਆਸ਼ਾ ਵਰਕਰ ਜੋਗਿੰਦਰ ਕੌਰ ਅਤੇ ਸੀਨੀਅਰ ਸਿਟੀਜ਼ਨ ਹੋਮ ਦਾ ਸਟਾਫ ਵੀ ਹਾਜ਼ਰ ਸੀ।
ਇਸ ਮੌਕੇ ਸਹਾਇਕ ਸਿਹਤ ਅਫ਼ਸਰ ਡਾ. ਮੀਰਾ ਨੇ ਕਿਹਾ ਕਿ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਬਜ਼ੁਰਗਾਂ ਦੀ ਅਨਮੋਲ ਮਾਨਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਬਜੁਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਮਾਜ ਨੂੰ ਉਸਦੀ ਜ਼ਿੰਮੇਵਾਰੀ ਵੀ ਯਾਦ ਦਿਵਾਉਂਦਾ ਹੈ ਅਤੇ ਉਨ੍ਹਾਂ ਦੇ ਖਾਣ-ਪੀਣ, ਨਿੱਜੀ ਸਫਾਈ, ਹਲਕੀ-ਫੁਲਕੀ ਕਸਰਤ ਕਰਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਹੈ। ਬਜ਼ੁਰਗਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਪਹਿਲ ਦੇ ਆਧਾਰ ‘ਤੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਿਹਤ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਲਾਜ਼ ਦੋਰਾਨ ਬਜੁਰਗਾਂ ਨਾਲ ਪਿਆਰ ਤੇ ਨਰਮੀ ਭਰਿਆ ਰਵੱਈਆ ਵਰਤਿਆ ਜਾਵੇ, ਉਨ੍ਹਾਂ ਦੀਆਂ ਤਕਲੀਫ਼ਾਂ ਧਿਆਨ ਨਾਲ ਸੁਣ ਕੇ ਅਤੇ ਦਵਾਈਆਂ ਸਹੀ ਤਰੀਕੇ ਨਾਲ ਸਮਝਾ ਕੇ ਦੇਣ ਅਤੇ ਜੇ ਉਨ੍ਹਾਂ ਨਾਲ ਅਟੈਂਡੈਂਟ ਹੋਵੇ ਤਾਂ ਉਸ ਨੂੰ ਵੀ ਦਵਾਈਆਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ।
ਇਸ ਮੌਕੇ ਡਾ. ਮੀਰਾ ਨੇ ਖ਼ਾਸ ਤੌਰ ‘ਤੇ ਹਰ ਬਜ਼ੁਰਗ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਖੈਰ-ਖ਼ਬਰ ਪੁੱਛੀ। ਡਾ. ਮੀਰਾ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 15 ਬਜ਼ੁਰਗਾਂ ਦੇ ਖ਼ੂਨ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਡਾ. ਸੰਗੀਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਜ਼ੁਰਗ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਅਤੇ ਸਮਾਜ ਲਈ ਸਮਰਪਿਤ ਕਰ ਦਿੰਦੇ ਹਨ, ਇਸ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਨਾਲ ਜਿਆਦਾ ਸਮਾਂ ਬਿਤਾਉਣ ਨੂੰ ਤਰਜੀਹ ਦੇਣ ਅਤੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ। ਬਜ਼ੁਰਗਾਂ ਨੂੰ ਅਣਗੌਲਿਆਂ ਮਹਿਸੂਸ ਨਾ ਹੋਣ ਦੇਣਾ, ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।
ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ ਨੇ ਕਿਹਾ ਕਿ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਮੋਬਾਈਲ, ਟੀ.ਵੀ., ਲੈਪਟਾਪ ਵਰਗੇ ਆਧੁਨਿਕ ਉਪਕਰਨਾਂ ਦੀ ਵਰਤੋਂ ਘਟਾ ਕੇ ਬਜ਼ੁਰਗਾਂ ਨਾਲ ਗੱਲਬਾਤ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਨਾਲ ਬਜ਼ੁਰਗਾਂ ਵਿੱਚ ਆਪਣੇਪਨ ਅਤੇ ਖੁਸ਼ਹਾਲੀ ਦਾ ਅਹਿਸਾਸ ਵਧਦਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।