
ਚੰਡੀਗੜ੍ਹ, 13 ਅਕਤੂਬਰ
ਸਾਬਕਾ ਕੇਂਦਰੀ ਮੰਤਰੀ, ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਇਹ ਸਰਕਾਰ ਦਲਿਤਾਂ ਉੱਤੇ ਜੁਲਮ ਕਰਨ ਵਾਲਿਆਂ ਨੂੰ ਬਚਾਉਂਦੀ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਸਿਰਫ਼ ਰਾਜਨੀਤੀ ਕਰਦੀ ਹੈ।
*ਦਲਿਤਾਂ ਉੱਤੇ ਜੁਲਮ ਕਰਨ ਵਾਲਿਆਂ ਨੂੰ ਪਨਾਹ*
ਸਾਂਪਲਾ ਨੇ ਕਿਹਾ ਕਿ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਜਿਸ ਨੂੰ ਦਲਿਤ ਮਹਿਲਾ ਨਾਲ ਮਾਰਪੀਟ ਦੇ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਹੋਈ, ਨਾ ਤਾ ਪਾਰਟੀ ਤੋਂ ਕੱਢਿਆ ਗਿਆ ਅਤੇ ਨਾ ਵਿਧਾਨ ਸਭਾ ਤੋਂ ਅਯੋਗ ਘੋਸ਼ਿਤ ਕੀਤਾ ਗਿਆ। ਉਸਨੂੰ ਜੇਲ੍ਹ ਵਿੱਚ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।
*ਮੁੱਖ ਮੰਤਰੀ ਵੱਲੋਂ ਦਲਿਤ ਸਮਾਜ ਦਾ ਅਪਮਾਨ*
ਮਾਰਚ 2024 ਦੀ ਵਿਧਾਨ ਸਭਾ ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਿਤ ਵਿਧਾਇਕ ਸੁੱਖਵਿੰਦਰ ਸਿੰਘ ਕੋਟਲੀ ਕੇ ਖ਼ਿਲਾਫ਼ ਮੰਦਭਾਗੇ ਸ਼ਬਦ ਵਰਤੇ, ਜਿਸ ਨਾਲ ਪੂਰੇ ਦਲਿਤ ਸਮਾਜ ਦਾ ਅਪਮਾਨ ਹੋਇਆ।
*ਮੰਤਰੀਆਂ ਵੱਲੋਂ ਜਾਤੀ ਆਧਾਰਿਤ ਟਿੱਪਣੀਆਂ*
ਅਪ੍ਰੈਲ 2024 ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਦੀ ਰੈਲੀ ਵਿੱਚ ਜਾਤੀਗਤ ਟਿੱਪਣੀਆਂ ਕੀਤੀਆਂ। ਬਾਅਦ ਵਿੱਚ ਭੁੱਲਰ ਤੇ ਮਾਨ ਦੋਵਾਂ ਨੂੰ ਜਨਤਕ ਤੌਰ ’ਤੇ ਮਾਫ਼ੀ ਮੰਗਣੀ ਪਈ।
*ਦਲਿਤ ਉਪ ਮੁੱਖ ਮੰਤਰੀ ਦਾ ਵਾਅਦਾ ਟੁੱਟਿਆ*
ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਜਿੱਤ ਤੋਂ ਬਾਅਦ ਇਹ ਵਾਅਦਾ ਭੁੱਲਾ ਦਿੱਤਾ ਗਿਆ।
*ਰਾਜ ਸਭਾ ਵਿੱਚ ਦਲਿਤ ਪ੍ਰਤਿਨਿਧਿਤਵ ਨਹੀਂ*
ਆਪ ਦੇ 13 ਰਾਜ ਸਭਾ ਮੈਂਬਰਾਂ ਵਿੱਚ ਇਕ ਵੀ ਦਲਿਤ ਨਹੀਂ ਹੈ। ਪੰਜਾਬ, ਜਿੱਥੇ ਦੇਸ਼ ਦੀ ਸਭ ਤੋਂ ਵੱਧ ਦਲਿਤ ਆਬਾਦੀ ਹੈ, ਉੱਥੋਂ ਚੁਣੇ ਗਏ ਸੱਤ ਸੰਸਦ ਮੈਂਬਰਾਂ ਵਿੱਚ ਵੀ ਕੋਈ ਦਲਿਤ ਨਹੀਂ।
*ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਰੋਕੀ*
ਹਾਈਕੋਰਟ ਨੇ ਫਟਕਾਰ ਲਗਾਈ ਕਿ ਸਰਕਾਰ ਵੱਲੋਂ ਸਕਾਲਰਸ਼ਿਪ ਦਾ ਰਾਜ ਹਿੱਸਾ ਨਾ ਦੇਣ ਕਾਰਨ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ।
*ਸ਼ਰਾਬ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਨਹੀਂ*
ਮਈ 2025 ਵਿੱਚ ਮਜੀਠਾ ਨਕਲੀ ਸ਼ਰਾਬ ਕਾਂਡ ਵਿੱਚ ਮਰਨ ਵਾਲੇ 30 ਵਿੱਚੋਂ 16 ਮਜ਼ਹਬੀ ਸਿੱਖ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ, ਨਾ ਨੌਕਰੀ। ਲੁਧਿਆਣਾ ਦੀ ਘਟਨਾ ਵਿੱਚ ਵੀ ਐਸ.ਸੀ./ਐਸ.ਟੀ. ਐਕਟ ਲਾਗੂ ਨਹੀਂ ਕੀਤਾ ਗਿਆ।
*ਅੰਬੇਡਕਰ ਤੇ ਗੁਰੂ ਰਵਿਦਾਸ ਜੀ ਦਾ ਅਪਮਾਨ*
ਆਪ ਸਰਕਾਰ ਆਉਣ ਤੋਂ ਬਾਅਦ ਡਾ. ਭੀਮਰਾਓ ਅੰਬੇਡਕਰ ਦੀਆਂ ਮੂਰਤੀਆਂ ਕਈ ਵਾਰ ਤੋੜੀਆਂ ਗਈਆਂ — ਅੰਮ੍ਰਿਤਸਰ ਤੇ ਫਿਲਲੌਰ ਸਮੇਤ ਕਈ ਥਾਵਾਂ ਤੇ। ਇਸ ਤੋਂ ਇਲਾਵਾ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਮਨਜ਼ੂਰ ਕੀਤੇ ₹25 ਕਰੋੜ ਰੋਕੇ ਗਏ, ਜਿਸ ਨਾਲ ਰਵਿਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
*ਆਪ ਨੇਤਾਵਾਂ ਵੱਲੋਂ ਜੁਲਮ ’ਤੇ ਚੁੱਪੀ*
ਸਤੰਬਰ 2023 ਵਿੱਚ ਆਪ ਨੇਤਾ ਦੀਨੇਸ਼ ਢਲ ਦੇ ਪੁੱਤਰ ਨੇ ਇਕ ਦਲਿਤ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਨ ਦੀ ਬਜਾਏ ਪੀੜਤ ਉੱਤੇ ਸਮਝੌਤੇ ਦਾ ਦਬਾਅ ਬਣਾਇਆ।
*ਸਾਂਪਲਾ ਨੇ ਕਿਹਾ, “ਇਹ ਸਰਕਾਰ ਸਿਰਫ਼ ਦਲਿਤ ਵਿਰੋਧੀ ਸੋਚ ਨਹੀਂ ਰੱਖਦੀ, ਸਗੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਵੀ ਯਤਨ ਕਰ ਰਹੀ ਹੈ।”*