ਜਲੰਧਰ (17-10-2025): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਈ.ਐਸ.ਆਈ. ਹਸਪਤਾਲ ਜਲੰਧਰ ਵਿਖੇ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏ.ਐਮ.ਓ. ਦਲਬੀਰ ਸਿੰਘ, ਏ.ਐਮ.ਓ. ਜਸਪਾਲ ਸਿੰਘ, ਨਰਸਿੰਗ ਵਿਦਿਆਰਥਣਾਂ, ਐਂਟੀ ਲਾਰਵਾ ਟੀਮ ਅਤੇ ਆਸ਼ਾ ਵਰਕਰ ਮੌਜੂਦ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਮੁਹਿੰਮ ਦੌਰਾਨ ਡੇਂਗੂ ਰੋਕਥਾਮ ਹਿੱਤ ਐਂਟੀ ਲਾਰਵਾ ਟੀਮਾਂ ਨਾਲ ਮਿਲ ਕੇ ਸ਼ੱਕੀ ਥਾਵਾਂ ‘ਤੇ ਪਾਣੀ ਨਾਲ ਭਰੇ ਵੱਖ-ਵੱਖ ਸ੍ਰੋਤਾਂ ਦੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਥਾਵਾਂ ‘ਤੇ ਲਾਰਵਾ ਮਿਲਿਆ ਉਸਨੂੰ ਮੌਕੇ ‘ਤੇ ਹੀ ਯੋਗ ਵਿਧੀ ਨਾਲ ਨਸ਼ਟ ਕੀਤਾ ਗਿਆ ਅਤੇ ਫੋਗਿੰਗ ਵੀ ਕਰਵਾਈ ਗਈ। ਇਸ ਮੌਕੇ ਈ.ਐਸ.ਆਈ. ਦੇ ਡਾ. ਸਤਿੰਦਰ ਅਤੇ ਡਾ. ਗੁਰਪ੍ਰੀਤ ਵੀ ਮੌਜੂਦ ਸੀ।
ਸਿਵਲ ਸਰਜਨ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਟੁੱਟੇ ਬਰਤਨਾਂ, ਡਰੰਮਾ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਰੱਖਿਆ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਪ੍ਰਤੀ ਸਾਨੂੰ ਖੁਦ ਵੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਮੱਛਰ ਦੇ ਕੱਟਣ ਤੋਂ ਬਚਾਓ ਲਈ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹੇ ਵਿੱਚ ਜਨਵਰੀ 2025 ਤੋਂ ਹੁਣ ਤੱਕ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਕੁੱਲ 5,15,951 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਦੇ 2,05,576 ਘਰਾਂ ਅਤੇ ਪੇਂਡੂ ਖੇਤਰ ਦੇ 3,10,375 ਘਰਾਂ ਦਾ ਸਰਵੇ ਕੀਤਾ ਗਿਆ ਹੈ। ਇਸ ਦੌਰਾਨ 1548 ਘਰਾਂ ਵਿੱਚ ਲਾਰਵਾ ਮਿਲਿਆ, ਜਿਸਨੂੰ ਨਿਰਧਾਰਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।