
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਿੱਖ ਧਰਮ ਦੇ ਬਾਨੀ ਤੇ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸਾਹ ਪੂਰਵਕ ਮਨਾਇਆ ਗਿਆ। ਇਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਾਹਿਜ ਪਾਠ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਜੀ ਰਾਮਾ ਮੰਡੀ ਵਾਲੇ ਤੇ ਉਨ੍ਹਾਂ ਦੇ ਰਾਗੀ ਜੱਥੇ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਨ ਕਰਵਾਇਆ ਗਿਆ।ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਮੈਂਬਰ ਗਵਰਨਿੰਗ ਕੌਂਸਲ ਸ. ਅਵਤਾਰ ਸਿੰਘ ਕੰਗ ਅਤੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਰਾਗੀ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੂਹ ਮਾਨਵਤਾ ਲਈ ਸਾਂਝੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤਾਂ ਨੂੰ ਸਾਨੂੰ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀ ਸਾਨੂੰ ਜਿੱਥੇ ਸਰਬ-ਸਾਂਝੀਵਾਲਤਾ, ਹੱਕ-ਸੱਚ ਦੀ ਕਮਾਈ, ਇਨਸਾਨੀਅਤ ਦਾ ਭਲਾ, ਜਾਤ-ਪਾਤ ਦਾ ਵਿਰੋਧ ਤੇ ਚੰਗੇ ਕੰਮ ਕਰਨ ਦਾ ਸੁਨੇਹਾ ਦਿੱਤਾ ਉੱਥੇ ਨਾਲ ਹੀ ਹੱਥੀ ਕਿਰਤ ਕਰਨ ਦਾ ਵੀ ਸਿਧਾਂਤ ਦਿੱਤਾ। ਉਨ੍ਹਾਂ ਦੇ ਇਸ ਸਿਧਾਂਤ ’ਤੇ ਚੱਲ ਕੇ ਮਨੁੱਖ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਧਰਮ ਦੇ ਨਾਲ ਨਾਲ ਸਮਾਜਿਕ ਪੱਧਰ ਤੇ ਆਈ ਗਿਰਾਵਟ ਦੇ ਵਿਰੁੱਧ ਡੱਟ ਕੇ ਪਹਿਰਾ ਦਿੱਤਾ ਤੇ ਲੋਕਾਂ ਨੂੰ ਸੱਚ ਉਪਰ ਚੱਲਣ ਦਾ ਉਪਦੇਸ਼, ਅੰਧਵਿਸ਼ਵਾਸ ਦਾ ਖੰਡਨ, ਤੇ ਔਰਤ-ਮਰਦ ਦੀ ਬਰਾਬਰਤਾ ਦਾ ਸੰਦੇਸ਼ ਵੀ ਦਿੱਤਾ। ਇਸ ਲਈ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਸ ਮੌਕੇ ਕਮੇਟੀ ਮੈਂਬਰ ਸ. ਪ੍ਰਭਪਾਲ ਸਿੰਘ ਪੰਨੂੰ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਾਜ਼ਰੀ ਭਰੀ । ਇਸ ਮੌਕੇ ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਨੇ ਬਖੂਬੀ ਨਿਭਾਈ। ਅੰਤ ਵਿਚ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।