ਜਲੰਧਰ (12.11.2025) : “ਵਿਸ਼ਵ ਨਿਮੋਨੀਆ ਦਿਵਸ” ਮੌਕੇ ਆਮ ਲੋਕਾਂ ਵਿੱਚ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਇਲਾਜ ਲਈ ਆਈਆਂ ਗਰਭਵਤੀ ਔਰਤਾਂ, ਨਵਜਨਮੇ ਬੱਚਿਆਂ ਦੀਆਂ ਮਾਵਾਂ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਵਿੱਚ ਨਿਮੋਨੀਆ ਬਿਮਾਰੀ ਪ੍ਰਤੀ ਜਨ-ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ 12 ਨਵੰਬਰ ਨੂੰ “ਵਿਸ਼ਵ ਨਮੋਨੀਆ ਦਿਵਸ” ਮਨਾਇਆ ਜਾਂਦਾ ਹੈ। ਨਿਮੋਨੀਆ ਇੱਕ ਫੇਫੜਿਆਂ ਦੀ ਲਾਗ ਹੈ ਜਿਸ ਕਾਰਨ ਇੱਕ ਜਾਂ ਦੋਵੇਂ ਫੇਫੜਿਆਂ ਵਿੱਚ ਹਵਾ ਦੀਆਂ ਥੈਲੀਆਂ ਸੁੱਜ ਜਾਂਦੀਆਂ ਹਨ। ਜਦੋਂ ਹਵਾ ਦੀਆਂ ਥੈਲੀਆਂ ਤਰਲ ਜਾਂ ਪਸ (ਪਿਊਲੈਂਟ ਸਮੱਗਰੀ) ਨਾਲ ਭਰ ਜਾਂਦੀਆਂ ਹਨ ਤਾਂ ਬਲਗਮ ਜਾਂ ਪਸ ਨਾਲ ਖੰਘ, ਬੁਖਾਰ, ਠੰਢ ਲੱਗਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਨਿਮੋਨੀਆ ਬੈਕਟੀਰੀਆ, ਵਾਇਰਸ ਅਤੇ ਫੰਗਲ ਇਨਫੈਕਸ਼ਨਾਂ ਕਾਰਨ ਹੋ ਸਕਦਾ ਹੈ। ਇਹ ਇੱਕ ਛੂਤ ਵਾਲੀ ਬਿਮਾਰੀ ਹੈ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਵਿਅਕਤੀ ਲਈ ਘਾਤਕ ਹੋ ਸਕਦੀ ਹੈ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ।
ਸਿਵਲ ਸਰਜਨ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ ਅਤੇ ਨਿਮੋਨੀਆ ਨੂੰ ਬੇਅਸਰ ਕਰਨ ਲਈ ਸਿਹਤ ਵਿਭਾਗ ਵੱਲੋਂ 12 ਨਵੰਬਰ 2025 ਤੋਂ 28 ਫਰਵਰੀ 2026 ਤੱਕ SAANS ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਹੈ, ਇਸ ਲਈ ਉਹ ਰੋਗਾਂ ਨਾਲ ਲੜ੍ਹਨ ਦੇ ਘੱਟ ਸਮਰੱਥ ਹੁੰਦੇ ਹਨ ਜਿਸ ਕਾਰਨ ਨਿਮੋਨੀਆ ਆਮ ਤੌਰ ‘ਤੇ ਛੋਟੇ ਬੱਚਿਆਂ ਵਿੱਚ ਜਲਦੀ ਵਿਕਸਿਤ ਹੁੰਦਾ ਹੈ, ਹਾਲਾਂਕਿ ਨਿਮੋਨੀਆ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਕਈ ਵਾਰ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਹੋ ਜਾਵੇ ਤਾਂ ਮਰੀਜ਼ ਠੀਕ ਹੋ ਜਾਂਦਾ ਹੈ ਪਰ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ। ਇਸ ਲਈ ਨਿਮੋਨੀਆ ਦੇ ਲੱਛਣ ਦਿੱਸਣ ‘ਤੇ ਨਜਦੀਕੀ ਸਿਹਤ ਕੇਂਦਰ ‘ਚ ਸੰਪਰਕ ਕਰਕੇ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਮੋਨੀਆ ਤੋਂ ਬਚਾਅ ਲਈ ਬੱਚਿਆਂ ਦਾ ਨਿਯਮਿਤ ਟੀਕਾਕਰਨ, ਸਫਾਈ ਅਤੇ ਸਿਹਤਮੰਦ ਜੀਵਨ-ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਨਿਮੋਨੀਆ ਅੱਜ ਵੀ ਇੱਕ ਵੱਡੀ ਸਿਹਤ ਸਮੱਸਿਆ ਬਣੀ ਹੋਈ ਹੈ। ਨਿਮੋਨੀਆ ਤੋਂ ਬਚਾਓ ਲਈ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਜਰੂਰਤ ਹੈ। ਸਿਹਤਮੰਦ ਭੋਜਨ ਖਾਣਾ, ਨਿਯਮਿਤ ਤੌਰ ‘ਤੇ ਕਸਰਤ ਕਰਨਾ ਅਤੇ ਸਿਗਰਟਨੋਸ਼ੀ ਨਾ ਕਰਨਾ ਨਿਮੋਨੀਆ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵਿੱਚ ਦਿਲ, ਫੇਫੜਿਆਂ ਦੀ ਬਿਮਾਰੀ, ਸ਼ੂਗਰ ਆਦਿ ਸਿਹਤ ਸਮੱਸਿਆਵਾਂ ਨਿਮੋਨੀਆ ਦੇ ਜ਼ੋਖਮ ਨੂੰ ਵਧਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਉਲਟੀਆਂ, ਸਾਹ ਲੈਣ ਵਿੱਚ ਤਕਲੀਫ, ਦੁੱਧ ਨਾ ਪੀਣਾ, ਬੁਖਾਰ ਦੇ ਨਾਲ ਠੰਡ ਲੱਗਣੀ, ਚਮੜੀ ਦਾ ਲਾਲ ਹੋਣਾ ਆਦਿ ਨਿਮੋਨੀਆ ਦੇ ਲੱਛਣ ਹਨ ਅਤੇ ਬਜ਼ੁਰਗਾਂ ਵਿੱਚ ਮਾਸ-ਪੇਸ਼ੀਆਂ ਵਿੱਚ ਦਰਦ, ਨਹੁੰ ਨੀਲੇ ਹੋ ਜਾਣਾ, ਠੰਡ ਲੱਗਣਾ, ਖੁਸ਼ਕ ਖੰਘ, ਬੁਖਾਰ, ਕਮਜ਼ੋਰੀ ਮਹਿਸੂਸ ਕਰਨਾ, ਅਨਿਯਮਿਤ ਬਲੱਡ-ਪ੍ਰੈਸ਼ਰ ਇਸ ਬਿਮਾਰੀ ਦੇ ਲੱਛਣ ਹਨ। ਅਜਿਹੇ ਲੱਛਣ ਹੋਣ ਤੇ ਇਲਾਜ ਲਈ ਤੁੰਰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿਸ਼ੀ ਮਾਰਕੰਡਾ, ਡਾ. ਅਨੀਤਾ ਕਟਾਰਿਆ, ਡਿਪਟੀ ਐਮ.ਈ.ਆਈ. ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏ.ਐਨ.ਐਮ. ਪੂਨਮ, ਏ.ਐਨ.ਐਮ. ਸਵੀਟੀ ਅਤੇ ਆਸ਼ਾ ਵਰਕਰ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।