ਜਲੰਧਰ (14.11.2025) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ, ਜਲੰਧਰ ਵਿੱਚ ਅਤੇ “ਹਰ ਸ਼ੁੱਕਰਵਾਰ—ਡੇਂਗੂ ਤੇ ਵਾਰ” ਮੁਹਿੰਮ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਮੁਹਿੰਮ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਹੁਕਮਾਂ ਤੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਗਈ, ਜਿਸਦੇ ਤਹਿਤ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੂਗਰ ਅਤੇ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਵਿਖੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਵੱਧ ਰਹੀ ਡਾਇਬਟੀਜ਼ ਦੀ ਸਮੱਸਿਆ ਬਾਰੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ੂਗਰ ਮੈਟਾਬੋਲਿਕ ਬਿਮਾਰੀਆਂ ਦਾ ਇਕ ਸਮੂਹ ਹੈ, ਜਿਸ ਨਾਲ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਸਧਾਰਨ ਨਾਲੋਂ ਵੱਧ ਜਾਂਦੀ ਹੈ ਅਤੇ ਇਹ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸ਼ੂਗਰ ਤੋਂ ਬਚਾਅ ਲਈ ਵਿਅਕਤੀ ਨੂੰ ਹਰੀ ਸਬਜੀਆਂ, ਸਲਾਦ ਅਤੇ ਫਲ ਆਦਿ ਦਾ ਸੇਵਨ ਕਰਨਾ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਰੋਜਾਨਾ ਦਿਨ ਵਿੱਚ 30 ਤੋਂ 40 ਮਿਨਟ ਸੈਰ ਕਰਨੀ ਚਾਹੀਦੀ ਹੈ, ਯੋਗਾ ਅਤੇ ਮੈਡੀਟੇਸ਼ਨ ਦਾ ਰੋਜਾਨਾ ਸਮੇਂ ਸਿਰ ਅਭਿਆਸ ਕਰਨਾ ਚਾਹੀਦਾ ਹੈ ਅਤੇ ਆਪਣੇ ਸ਼ੂਗਰ ਲੈਵਲ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਸ਼ੂਗਰ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਸ਼ੂਗਰ ਦੇ ਕਾਰਨਾਂ, ਲੱਛਣਾਂ, ਸੰਤੁਲਿਤ ਖੁਰਾਕ ਦਾ ਮਹੱਤਵ, ਕਸਰਤ ਅਤੇ ਤਣਾਅ-ਰਹਿਤ ਜੀਵਨ ਦੀ ਲੋੜ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਇਸ ਬਿਮਾਰੀ ਨੂੰ ਰੋਕਣ ਦੀ ਸਲਾਹ ਦਿੱਤੀ।
ਡੇਂਗੂ ਬਾਰੇ ਵਿਸਤ੍ਰਿਤ ਜਾਣਕਾਰੀ ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਆਦਿਤਯਪਾਲ ਨੇ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਦਾ ਸਭ ਤੋਂ ਢੁੱਕਵਾਂ ਤਰੀਕਾ ਘਰ ਅਤੇ ਆਸ-ਪਾਸ ਖੜ੍ਹੇ ਸਾਫ਼ ਪਾਣੀ ਨੂੰ ਖਤਮ ਕਰਨਾ ਹੈ। ਹਰ ਸ਼ੁੱਕਰਵਾਰ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ, ਕੂਲਰਾਂ ਅਤੇ ਗਮਲਿਆਂ ਨੂੰ ਇੱਕ ਵਾਰ ਸੁਖਾਣਾ ਜ਼ਰੂਰੀ ਹੈ ਤਾਂ ਜੋਂ ਡੇਂਗੂ ਮੱਛਰਾਂ ਦੇ ਲਾਰਵੇ ਨੂੰ ਪਨਪਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਭ ਨੂੰ ਅਪੀਲ ਕੀਤੀ ਕਿ ਉਹ ਡਾਇਬਟੀਜ਼ ਅਤੇ ਡੇਂਗੂ ਬਾਰੇ ਮਿਲੀ ਜਾਣਕਾਰੀ ਨੂੰ ਆਪਣੇ ਦੋਸਤਾਂ, ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਦੇ ਹੋਰ ਲੋਕਾਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਜੋ ਜਾਗਰੂਕਤਾ ਹੋਰ ਵੱਧ ਸਕੇ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਐਂਟੀ ਲਾਰਵਾ ਟੀਮਾਂ ਨਾਲ ਮਿਲ ਕੇ ਸ਼ੱਕੀ ਥਾਵਾਂ ‘ਤੇ ਡੇਂਗੂ ਲਾਰਵੇ ਦੀ ਸ਼ਨਾਖਤ ਵੀ ਕੀਤੀ ਗਈ। ਸੀ.ਐਚ.ਓ. ਮਨਜੀਤ ਕੌਰ ਨੇ ਪ੍ਰਿੰਸੀਪਲ ਰਜਿੰਦਰਜੀਤ ਕੌਰ ਅਤੇ ਸਟਾਫ ਦਾ ਇਸ ਆਯੋਜਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ‘ਚ ਮੰਚ ਸੰਚਾਲਨ ਮੈਡਮ ਕੁਲਵਿੰਦਰ ਕੌਰ ਵੱਲੋਂ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਜਿੰਦਰਜੀਤ ਕੋਰ ਵੱਲੋਂ ਪ੍ਰੋਗਰਾਮ ਦੇ ਅਖੀਰ ਵਿੱਚ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਦਿੱਤੀ ਜਾਣਕਾਰੀ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਹੋਰ ਲੋਕਾਂ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਬੀ.ਸੀ.ਸੀ. ਕੌਆਰਡੀਨੇਟਰ ਨੀਰਜ ਸ਼ਰਮਾ, ਐਮ.ਪੀ.ਐਚ.ਡਬਲਯੂ. ਗੁਲਸ਼ਨ ਸਿੰਘ, ਸਕੂਲ ਸਟਾਫ ਗੁਰਮੀਤ ਕੌਰ, ਹਰਜੀਤ ਕੌਰ, ਰਚਨਾ ਰਾਨੀ ਅਤੇ ਆਸ਼ਾ ਵਰਕਰ ਵੀ ਹਾਜਰ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।