ਕਰਤਾਰਪੁਰ,23 ਮਾਰਚ ( )- ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬੀਤੇ ਦਿਨੀਂ ਚਲਦੇ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਮੰਗਲਵਾਰ ਦੇਰ ਸ਼ਾਮ ਏਥੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਵਿਖੇ ਇਕੱਠੇ ਹੋ ਕੇ ਜੀਟੀ ਰੋਡ ਉੱਤੇ ਕੈਂਡਲ ਮਾਰਚ ਕੱਢਿਆ ਗਿਆ।ਇਸ ਮੌਕੇ ਜੁੜੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਮੰਗ ਕੀਤੀ ਕਿ ਸੰਦੀਪ ਦੇ ਕਾਤਲਾਂ ਤੇ ਕਤਲ ਲਈ ਸਾਜ਼ਿਸ਼ ਘੜਨ ਵਾਲਿਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ,ਪੈਸਾ ਅਤੇ ਗੈਂਗਵਾਦ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਕਬੱਡੀ ਵਿੱਚ ਖਿਡਾਰੀਆਂ ਨੂੰ ਧਮਕੀਆਂ ,ਕੁੱਟਮਾਰ ਅਤੇ ਕਤਲ ਤੱਕ ਕੀਤੇ ਜਾ ਰਹੇ ਹਨ।ਪੈਸਾ ਕਮਾਉਣ ਦੇ ਲਾਲਚੀ ਅਤੇ ਆਪਣੀ ਚੌਧਰ ਚਮਕਾਉਣ ਵਾਲੇ ਗੈਂਗਸਟਰ ਕਬੱਡੀ ਰਾਹੀਂ ਆਪਣਾ ਕੈਰੀਅਰ ਅਤੇ ਭਵਿੱਖ ਬਣਾਉਣ ਵਾਲੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਸ਼ਰੇਆਮ ਖੇਡ ਰਹੇ ਹਨ।

ਆਗੂਆਂ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦਾ ਕਤਲ ਬਹੁਤ ਹੀ ਮੰਦਭਾਗੀ ਘਟਨਾ ਹੈ।ਉਨ੍ਹਾ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਮਾਂ ਖੇਡ ਕਬੱਡੀ ਨੂੰ ਬਚਾਉਣ ਲਈ ਮਾਫ਼ੀਆ ਖ਼ਤਮ ਕਰਨਾ ਵੀ ਜ਼ਰੂਰੀ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਅਮਰਜੀਤ ਸਿੰਘ ਨਵਾਂ ਪਿੰਡ, ਕਬੱਡੀ ਕੋਚ ਸੁੱਖਾ ਘੁੱਗਸ਼ੋਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸ਼ੋਨੂੰ ਸ਼ਾਹ, ਇਸਤਰੀ ਜਾਗ੍ਰਿਤੀ ਮੰਚ ਦੇ ਜਸਵੀਰ ਕੌਰ ਜੱਸੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਕਿਰਨਦੀਪ ਕੌਰ, ਨੌਜਵਾਨ ਭਾਰਤ ਸਭਾ ਦੇ ਅਮਰੀਕ ਸਿੰਘ, ਕਬੱਡੀ ਖਿਡਾਰੀ ਕੁਲਦੀਪ ਸਿੰਘ ਧੀਰਪੁਰ,ਦਮਨ ਸਰਾਏ ਅਤੇ ਪੰਜਾਬੀ ਕਲਾਕਾਰ ਦਲਵਿੰਦਰ ਦਿਆਲਪੁਰੀ ਆਦਿ ਨੇ ਸੰਬੋਧਨ ਕੀਤਾ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।