ਜਲੰਧਰ। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਜਲੰਧਰ ਪੱਛਮੀ ਦੇ ਲੋਕ ਬਹੁਤ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਜੀਊਂਦੇ ਹਨ। ਇਸ ਦੇ ਲਈ ਕਾਂਗਰਸ, ਭਾਜਪਾ ਤੇ ਆਪ ਜ਼ਿੰਮੇਵਾਰ ਹਨ, ਕਿਉਂਕਿ ਹਲਕੇ ਦੇ ਲੋਕਾਂ ਨੇ ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹੀ ਚੁਣਿਆ ਤੇ ਇਹ ਪਾਰਟੀਆਂ ਸੂਬੇ ਵਿੱਚ ਵੱਖ-ਵੱਖ ਸਮੇਂ ਤੇ ਸੱਤਾ ਵਿੱਚ ਵੀ ਰਹੀਆਂ ਹਨ। ਇਸਦੇ ਬਾਵਜੂਦ ਇਹ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਲਿਆ ਸਕੀਆਂ ਹਨ। ਰਾਖਵੇਂ ਹਲਕੇ ਜਲੰਧਰ ਪੱਛਮੀ, ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਦਲਿਤ ਹਨ, ਉਨ੍ਹਾਂ ਦੇ ਮੁਹੱਲਿਆਂ ਦੇ ਵਿਕਾਸ ਵੱਲ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਤੇ ਨੁਮਾਇੰਦਿਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ ਪਾਰਟੀਆਂ ਦੇ 77 ਸਾਲਾਂ ਦੇ ਰਾਜ ਵਿੱਚ ਉਹ ਅੱਜ ਵੀ ਸੀਵਰੇਜ ਜਾਮ ਤੇ ਪੀਣ ਯੋਗ ਸਾਫ ਪਾਣੀ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹੀ ਹਾਲ ਬਾਕੀ ਲੋਕਾਂ ਦਾ ਹੈ। ਬਸਪਾ ਵੱਲੋਂ ਇਸ ਚੋਣ ਵਿੱਚ ਹਲਕੇ ਵਿੱਚ ਫੈਲੇ ਨਸ਼ੇ ਤੇ ਉਸਦੇ ਕਾਰਨ ਹੋ ਰਹੀਆਂ ਚੋਰੀਆਂ, ਲੁੱਟਾਂ-ਖੋਹਾਂ ਦਾ ਮੁੱਦਾ ਜਦੋਂ ਸਾਰੇ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਇਨ੍ਹਾਂ ਪਾਰਟੀਆਂ ਨੇ ਵੀ ਨਸ਼ੇ ਤੇ ਦੜੇ ਸੱਟੇ ਦੇ ਮੁੱਦੇ ਤੇ ਗੱਲ ਕਰਕੇ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ। ਜਦਕਿ ਇਸਦੇ ਲਈ ਇਹ ਤਿੰਨੋ ਜ਼ਿੰਮੇਵਾਰ ਹਨ, ਜੋ ਕਿ ਲੋਕਾਂ ਦਾ ਵਿਸ਼ਵਾਸ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਲਿਆ ਸਕੀਆਂ। ਬਸਪਾ ਆਗੂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਵੱਲੋਂ ਮੌਜ਼ੂਦਾ ਤੇ ਪਿਛਲੀਆਂ ਚੋਣਾਂ ਵਿੱਚ ਵੀ ਝੂਠੇ ਵਾਅਦੇ ਤੇ ਖੋਖਲੇ ਨਾਅਰਿਆਂ ਦੀ ਸਿਆਸਤ ਕਰਕੇ ਦਲਿਤਾਂ, ਗਰੀਬਾਂ ਨਾਲ ਧੱਕਾ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਨੁਮਾਇੰਦੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ, ਗੈਰਜ਼ਰੂਰੀ ਮੁੱਦੇ ਉਭਾਰਦੇ ਹਨ, ਤਾਂ ਕਿ ਇਹ ਆਪਣੀਆਂ ਕਮੀਆਂ ਲੁਕੋ ਸਕਣ।
ਉਨ੍ਹਾਂ ਕਿਹਾ ਕਿ ਨਸ਼ਾ ਤੇ ਦੜਾ ਸੱਟਾ ਵੀ ਇਨ੍ਹਾਂ ਪਾਰਟੀਆਂ ਦੇ ਰਾਜ ਵਿੱਚ ਹੀ ਫੈਲਿਆ, ਜਿਸ ਨਾਲ ਦਲਿਤ, ਗਰੀਬ ਲੋਕਾਂ ਦੀ ਲੁੱਟ-ਖਸੁੱਟ ਹੋਈ ਤੇ ਉਸਦੇ ਲਈ ਇਹ ਕੋਸ ਵੀ ਇੱਕ ਦੂਜੇ ਨੂੰ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕੇ ਵਿੱਚ ਫੈਲੇ ਨਸ਼ੇ ਤੇ ਦੜੇ ਸੱਟੇ ਅਤੇ ਉਸਦੇ ਨਾਲ ਹੀ ਲੋਕਾਂ ਦੇ ਖਰਾਬ ਹੋਏ ਹਾਲਾਤਾਂ ਲਈ ਜਿੱਥੇ ਇਹ ਸਾਰੀਆਂ ਪਾਰਟੀਆਂ ਤੇ ਇਨ੍ਹਾਂ ਪਾਰਟੀਆਂ ਦੇ ਹਲਕਾ ਪੱਛਮੀ ਦੇ ਨੁਮਾਇੰਦੇ ਜ਼ਿੰਮੇਵਾਰ ਹਨ, ਉਥੇ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਵੀ ਸਹੀ ਨਹੀਂ ਹੈ, ਜੋ ਇਸ ਨੂੰ ਠੱਲ ਨਹੀਂ ਪਾ ਸਕਿਆ। ਇਸ ਮੌਕੇ ਤੇ ਬਸਪਾ ਦੇ ਸੀਨੀਅਰ ਆਗੂ ਤੇ ਹਲਕਾ ਜਲੰਧਰ ਪੱਛਮੀ ਦੇ ਇੰਚਾਰਜ ਜਗਦੀਸ਼ ਦੀਸ਼ਾ ਤੇ ਸਹਿ ਇੰਚਾਰਜ ਦਵਿੰਦਰ ਗੋਗਾ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸੱਤਾ ਵਿੱਚ ਆ ਕੇ ਵੀ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਲੋਕ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ, ਜਿਸ ਵਿੱਚ ਦਲਿਤ, ਪੱਛੜੇ, ਸਿੱਖ ਕਿਰਤੀ ਜਮਾਤਾਂ ਤੇ ਆਮ ਸ਼ਹਿਰੀ ਵਰਗ ਸਾਰੇ ਸ਼ਾਮਿਲ ਹਨ। ਇਸ ਕਰਕੇ ਇਨ੍ਹਾਂ ਪਾਰਟੀਆਂ ਤੋਂ ਲੋਕਾਂ ਦੇ ਸੁਧਾਰ ਦੀ ਹੋਰ ਕੋਈ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਇਨ੍ਹਾਂ ਨੂੰ ਰੱਦ ਕਰਕੇ ਬਦਲ ਵਿੱਚ ਬਸਪਾ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ, ਜੋ ਕਿ ਹਮੇਸ਼ਾ ਈਮਾਨਦਾਰੀ ਨਾਲ ਲੋਕਾਂ ਦੀ ਸਥਿਤੀ ਸੁਧਾਰਨ ਲਈ ਲੱਗੀ ਰਹਿੰਦੀ ਹੈ। ਇਸ ਮੌਕੇ ਤੇ ਬਸਪਾ ਦੇ ਸੂਬਾ ਕੈਸ਼ੀਅਰ ਪਰਮਜੀਤ ਮੌਲ, ਹਲਕਾ ਪੱਛਮੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਖਾ ਵੀ ਮੌਜੂਦ ਸਨ।