
ਜਲੰਧਰ (30.01.2025): ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੁਆਰਾ ਐਲਾਨੇ ਗਏ ਕਾਇਆਕਲਪ 2024-25 ਪ੍ਰੋਗਰਾਮ ਵਿੱਚ ਜਲੰਧਰ ਜ਼ਿਲ੍ਹੇ ਦੀਆਂ 39 ਸੰਸਥਾਵਾਂ ਨੇ ਕਵਾਲੀਫਾਇਡ ਕੀਤਾ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਾਰੀ ਸੂਚੀ ਵਿੱਚ ਜਿਲ੍ਹਾ ਹਸਪਤਾਲ ਜਲੰਧਰ ਸਮੇਤ 1 ਸਬ ਡਿਵੀਜ਼ਨ ਹਸਪਤਾਲ, 5 ਕਮਿਊਨਿਟੀ ਹੈਲਥ ਸੈਂਟਰ, 2 ਯੂ.ਸੀ.ਐਚ.ਸੀ., 2 ਪ੍ਰਾਇਮਰੀ ਹੈਲਥ ਸੈਂਟਰ, 1 ਯੂ.ਪੀ.ਐਚ.ਸੀ. ਅਤੇ 27 ਹੈਲਥ ਵੈੱਲਨੇਸ ਸੈਂਟਰ ਸ਼ਾਮਲ ਹਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਅਧੀਨ ਹੈਲਥ ਵੈਲਨੇਸ ਸੈਂਟਰ (ਐਚ.ਡਬਲਯੂ.ਸੀ.) ਮਲਸੀਆਂ ਬਲਾਕ ਸ਼ਾਹਕੋਟ ਨੂੰ 30 ਜੁਲਾਈ, 2024 ਨੂੰ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ (ਐਨਕਿਊਏਐਸ) ਪ੍ਰੋਗਰਾਮ ਤਹਿਤ 3 ਸਾਲ ਲਈ ਪ੍ਰਮਾਣਿਤ ਕੀਤਾ ਗਿਆ। ਸਿਵਲ ਸਰਜਨ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਵੀਰਵਾਰ ਨੂੰ ਐਸ.ਐਮ.ਓ. ਸ਼ਾਹਕੋਟ ਡਾ. ਦੀਪਕ ਚੰਦਰ, ਸੀ.ਐਚ.ਓ. ਪਰਮਿੰਦਰ ਕੌਰ ਮਲਸੀਆਂ, ਏ.ਐਨ.ਐਮ. ਕਰਮਜੀਤ ਕੌਰ, ਹੈਲਥ ਵਰਕਰ ਬਲਕਾਰ ਸਿੰਘ ਅਤੇ ਆਸ਼ਾ ਫੈਸਲੀਟੇਟਰ ਬਲਜੀਤ ਕੌਰ ਨੂੰ ਸਨਮਾਨਤ ਕੀਤਾ ਗਿਆ ਅਤੇ ਵਿਸ਼ੇਸ਼ ਤੋਰ ‘ਤੇ ਡਾ. ਨੇਹਾ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਵੱਲੋਂ ਐਚ.ਡਬਲਯੂ.ਸੀ. ਮਲਸੀਆਂ ਦੀ ਟੀਮ ਨੂੰ ਐਨਕਿਊਏਐਸ ਸੰਬੰਧੀ ਟ੍ਰੇਨਿੰਗ ਦਿਤੀ ਗਈ ਸੀ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ (ਐਨਕਿਊਏਐਸ) ਪ੍ਰੋਗਰਾਮ ਤਹਿਤ ਸਵੱਛ ਭਾਰਤ ਮਿਸ਼ਨ, ਕਾਇਆਕਲਪ ਪ੍ਰੋਗਰਾਮ ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਸਰਵੇਖਣ ਕੀਤਾ ਜਾਂਦਾ ਹੈ ਤਾਂ ਜੋ ਜਨਤਾ ਲਈ ਬਾਇਓਮੈਡੀਕਲ ਵੇਸਟ, ਇਨਫੈਕਸ਼ਨ ਕੰਟਰੋਲ ਅਤੇ ਸੈਨੀਟੇਸ਼ਨ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ 39 ਸਿਹਤ ਸੰਸਥਾਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਖਾਸ ਕਰਕੇ ਸ਼ਲਾਘਾਯੋਗ ਸਫਾਈ ਕਰਮਚਾਰੀਆਂ ਦੇ ਸਮਰਪਿਤ ਯਤਨਾਂ ਨੂੰ ਦਿੱਤਾ, ਜਿਨ੍ਹਾਂ ਦੇ ਯੋਗਦਾਨ ਕਾਰਨ ਜਲੰਧਰ ਨੂੰ ਇਹ ਸਨਮਾਨ ਮਿਲਿਆ।