ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਆਪਣੀਆਂ ਵਿਦਿਆਰਥਣਾਂ ਵਿੱਚ ਜੀਵਨ ‘ਚ ਸਫਲਤਾ ਹਾਸਿਲ ਕਰਨ ਦੇ ਲਈ ਨਿੱਤ ਨਵੀਆਂ ਆਦਤਾਂ ਵਿਕਸਿਤ ਕਰਨ ਦੀ ਦਿਸ਼ਾ ਵੱਲ ਗਤੀਸ਼ੀਲ ਰਹਿੰਦਾ ਹੈ। ਇਸ ਹੀ ਦਿਸ਼ਾ ਦੇ ਵਿੱਚ ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਫੈਕਲਟੀ ਨੇ ਪਰੀਕਸ਼ਾ ਪੇ ਚਰਚਾ-2022 ਪ੍ਰੋਗਰਾਮ ਦੌਰਾਨ ਭਾਰਤ ਦੇ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਨੂੰ ਸੁਣਿਆ। ਪ੍ਰੀਕਸ਼ਾ ਪੇ ਚਰਚਾ ਭਾਰਤ ਵਿਚ ਇਮਤਿਹਾਨਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੇ ਲਈ ਹਰਮਨ ਪਿਆਰਾ ਅਤੇ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸਾਲਾਨਾ ਪ੍ਰੋਗਰਾਮ ਹੈ। ਇਸ ਵਾਰ ਦੇ ਪ੍ਰੋਗਰਾਮ ਦੇ ਵਿਚ ਮਾਣਯੋਗ ਪ੍ਰਧਾਨਮੰਤਰੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਦਾਨ ਪੇਸ਼ ਕੀਤਾ। ਪ੍ਰੀਕਸ਼ਾ ਪੇ ਚਰਚਾ ਦੇ ਇਸ ਸਾਲ ਦੇ ਪੰਜਵੇਂ ਐਡੀਸ਼ਨ ‘ਤੇ ਆਪਣੇ ਸੰਬੋਧਨ ਦੌਰਾਨ ਮੋਦੀ ਜੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਈ ਵਾਰ ਮਹੱਤਵਪੂਰਨ ਫ਼ੈਸਲੇ ਲੈਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦਿਆਰਥੀਆਂ ਨੂੰ ਆਪਣੇ ਦੋਸਤਾਂ ਨਾਲ ਕਲਾਸ ਵਿੱਚ ਜੋ ਕੁਝ ਵੀ ਸਿੱਖਿਆ ਹੈ ਉਸ ਨੂੰ ਸੋਧਣ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਇਕੱਠੇ ਮਿਲ ਕੇ ਗਿਆਨ ਨੂੰ ਜਜ਼ਬ ਕਰਨ ਵਿਚ ਸਹਾਇਕ ਹੋਵੇਗੀ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਈ ਵਾਰ ਮਾਪੇ ਆਪਣੇ ਬੱਚਿਆਂ ਦੀ ਸਮਰੱਥਾ ਅਤੇ ਰੁਚੀਆਂ ਨੂੰ ਨੇੜਿਓਂ ਦੇਖਣ ਵਿਚ ਅਸਫਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਸ ਚੀਜ਼ ਦੀ ਸਮਝ ਪੈਦਾ ਕਰਨੀ ਚਾਹੀਦੀ ਹੈ ਕਿ ਹਰੇਕ ਬੱਚੇ ਵਿੱਚ ਕੁਝ ਅਸਾਧਾਰਨ ਗੁਣ ਹੁੰਦੇ ਹਨ ਜਿਨ੍ਹਾਂ ਅਨੁਸਾਰ ਮਾਪੇ ਅਤੇ ਅਧਿਆਪਕ ਉਸ ਬੱਚੇ ਦੇ ਜੀਵਨ ਨੂੰ ਤਰਾਸ਼ ਅਤੇ ਸੰਵਾਰ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਪਿੱਛੇ ਹਨ ਬਲਕਿ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਨਿਰੰਤਰ ਅੱਗੇ ਵੱਲ ਪੁਲਾਂਘ ਪੁੱਟਦੇ ਰਹਿਣਾ ਚਾਹੀਦਾ ਹੈ। ਆਨਲਾਈਨ ਅਤੇ ਆਫਲਾਈਨ ਸਿੱਖਿਆ ਵਿੱਚ ਅੰਤਰ ਬਾਰੇ ਪੁੱਛੇ ਜਾਣ ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਆਨਲਾਈਨ ਸਿੱਖਿਆ ਗਿਆਨ ਪ੍ਰਾਪਤ ਕਰਨ ਦੇ ਸਿਧਾਂਤ ‘ਤੇ ਅਧਾਰਿਤ ਹੈ ਜਦ ਕਿ ਆਫਲਾਈਨ ਸਿੱਖਿਆ ਉਸ ਗਿਆਨ ਨੂੰ ਕਾਇਮ ਰੱਖਣ ਅਤੇ ਵਿਦਿਆਰਥੀਆਂ ਦੇ ਰੂਪ ਵਿੱਚ ਇਸ ਨੂੰ ਅਮਲੀ ਤੌਰ ਤੇ ਲਾਗੂ ਕਰਨ ਬਾਰੇ ਹੈ। ਆਨਲਾਈਨ ਪੜ੍ਹਾਈ ਕਰਦੇ ਸਮੇਂ ਆਪਣੇ ਆਪ ਨੂੰ ਆਤਮ ਅਨੁਮਾਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੁਆਰਾ ਆਨਲਾਈਨ ਪੜ੍ਹਾਈ ਸਮੇਂ ਆਨਲਾਈਨ ਮਾਧਿਅਮਾਂ ਦਾ ਸਹੀ ਤਰੀਕੇ ‘ਚ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰੇਕ ਵਿਦਿਆਰਥੀ ਨੂੰ ਇਮਤਿਹਾਨਾਂ ਦੌਰਾਨ ਚਿੰਤਾ ਦੇ ਮਾਹੌਲ ਤੋਂ ਦੂਰ ਰਹਿੰਦੇ ਹੋਏ ਸਾਕਾਰਾਤਮਕ ਸੋਚ ਨੂੰ ਧਾਰਨ ਕਰਨ ਦੀ ਵੀ ਅਪੀਲ ਕੀਤੀ। ਇਸ ਪ੍ਰੋਗਰਾਮ ਤੋਂ ਬਾਅਦ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਆਪਣੇ ਆਪ ਨੂੰ ਪ੍ਰੇਰਿਤ ਮਹਿਸੂਸ ਕੀਤਾ ਕਿਉਂਕਿ ਇਸ ਦੌਰਾਨ ਉਨ੍ਹਾਂ ਦੀ ਪ੍ਰੀਖਿਆਵਾਂ ਅਤੇ ਕਰੀਅਰ ਦੇ ਨਾਲ ਸਬੰਧਿਤ ਵੱਖਵੱਖ ਸ਼ੰਕਿਆਂ ਦੇ ਜਵਾਬ ਵੀ ਉਨ੍ਹਾਂ ਨੂੰ ਹਾਸਿਲ ਹੋਏ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਪ੍ਰੋਗਰਾਮ ਵਿਦਿਆਰਥੀਆਂ ਦੇ ਮਨਾਂ ਵਿੱਚ ਹਮੇਸ਼ਾਂ ਆਤਮ ਵਿਸ਼ਵਾਸ ਅਤੇ ਹੌਸਲਾ ਪੈਦਾ ਕਰਦਾ ਹੈ ਕਿਉਂਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਸਕਾਰਾਤਮਕ ਸੰਬੋਧਨ ਸਾਡੇ ਦੇਸ਼ ਦੇ ਹਰੇਕ ਵਿਦਿਆਰਥੀ ਦੇ ਲਈ ਇਕ ਪੱਥ ਪ੍ਰਦਰਸ਼ਕ ਵਜੋਂ ਕੰਮ ਕਰੇਗਾ।

 

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।