ਜਲੰਧਰ, 12 ਸਤੰਬਰ
ਸਿਹਤ ਜਾਗਰੂਕਤਾ ਪ੍ਰੋਗਰਾਮਾਂ ਸਬੰਧੀ ਜਾਣੂੰ ਕਰਵਾਉਣ ਅਤੇ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਵਿੱਚ 17 ਸਤੰਬਰ ਤੋਂ 02 ਅਕਤੂਬਰ 2023 ਤੱਕ ਪੰਦਰਾ ਰੋਜ਼ਾ ‘ਆਯੂਸ਼ਮਾਨ ਭਾਵਾ’ ਮੁਹਿੰਮ ਚਲਾਈ ਜਾ ਰਹੀ ਹੈ।
ਵੀਡੀਓ ਕਾਨਫਰੰਸ ਵਿੱਚ ਸ਼ਿਰਕਤ ਕਰਦਿਆਂ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਤਿੰਨ ਵਿਸ਼ਿਆਂ ਉਪਰ ਆਯੂਸ਼ਮਾਨ ਆਪਕੇ ਦੁਆਰ, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ‘ਆਯੂਸ਼ਮਾਨ ਆਪਕੇ ਦੁਆਰ’ ਤਹਿਤ ਯੋਗ ਪਰਿਵਾਰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਰਜਿਸਟਰਡ ਕਰਵਾ ਸਕਣਗੇ ਅਤੇ ਇਨ੍ਹਾਂ ਪਰਿਵਾਰਾਂ ਨੂੰ 15 ਦਿਨਾਂ ਦੇ ਸਮੇਂ ਦੌਰਾਨ ਇਸ ਸਕੀਮ ਤਹਿਤ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਆਯੂਸ਼ਮਾਨ ਮੇਲਿਆਂ’ ਤਹਿਤ ਸਾਰੇ ਸਿਹਤ ਅਤੇ ਵੈਲਨੈਸ ਸੈਂਟਰਾਂ ਵਿੱਚ ਗਰੀਬ ਅਤੇ ਮਿਡਲ ਕਲਾਸ ਲੋਕਾਂ ਦੇ ਲੋੜੀਂਦੇ ਟੈਸਟ ਅਤੇ ਇਲਾਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ‘ਆਯੂਸ਼ਮਾਨ ਸਭਾ’ ਤਹਿਤ 02 ਅਕਤੂਬਰ ਨੂੰ ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦੌਰਾਨ ਨਾਨ-ਕਮਿਊਨੀਕੇਬਲ ਬਿਮਾਰੀਆਂ, ਟੀਕਾਕਰਨ, ਟੀ.ਬੀ. ਆਦਿ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਵੱਛ ਅਭਿਆਨ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਖੂਨਦਾਨ ਕੈਂਪ ਲਗਾਉਣ ਤੋਂ ਇਲਾਵਾ ਮਨੁੱਖੀ ਅੰਗ ਦਾਨ ਕਰਨ ਸਬੰਧੀ ਪ੍ਰਣ ਵੀ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੰਦਰਾਂ ਰੋਜ਼ਾਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਵੱਖ-ਵੱਖ ਗਤੀਵਿਧੀਆਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।