ਜਲੰਧਰ (07.12.2024): ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਮਾਣਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਵੱਲੋਂ ਸ਼ਨੀਵਾਰ ਨੂੰ ਹਰਿਆਣਾ ਰਾਜ ਵਿਖੇ “100 ਦਿਨਾਂ ਦੀ ਟੀ.ਬੀ. ਮੁਹਿੰਮ” ਦਾ ਵਰਚੂਅਲ ਆਗਾਜ਼ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਰਾਜ ਵਿੱਚ ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਅਮ੍ਰਿਤਸਰ ਜਿਲ੍ਹੇ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸਦੇ ਮੱਦੇਨਜਰ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸੂ ਅਗਰਵਾਲ ਜੀ ਦੀ ਅਗਵਾਈ ਹੇਠ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ 100 ਦਿਨਾਂ ਦੀ ਟੀ.ਬੀ. ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਸਮੇਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜਲੰਧਰ ਜਿਲ੍ਹੇ ਨੂੰ ਟੀ.ਬੀ. ਮੁਕਤ ਬਣਾਉਣ ਦਾ ਸੰਕਲਪ ਵੀ ਲਿਆ ਗਿਆ।

ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ ਟੀ.ਬੀ. ਰੋਗੀਆਂ ਦੀ ਖੋਜ, ਮੌਤ ਦਰ ਵਿੱਚ ਕਮੀ ਲਿਆਉਣ ਅਤੇ ਟੀ.ਬੀ. ਦੀ ਰੋਕਥਾਮ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਕੈਂਪ ਲਗਾਏ ਜਾਣਗੇ। ਇਸਦੇ ਨਾਲ ਹੀ ਟੀ.ਬੀ. ਦੀ ਰੋਕਥਾਮ ਬਾਰੇ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣਗੀਆਂ ਤਾਂ ਜੋ 100 ਦਿਨਾਂ ਵਿੱਚ ਟੀ.ਬੀ. ਨੂੰ ਖਤਮ ਕਰਨ ਦੇ ਵਿੱਚ ਜਿਲ੍ਹਾ ਜਲੰਧਰ ਨੂੰ ਪੰਜਾਬ ਭਰ ਵਿੱਚ ਮੋਹਰੀ ਬਣਾਇਆ ਜਾ ਸਕੇ। ਸਿਵਲ ਸਰਜਨ ਵੱਲੋਂ ਸਮੂਹ ਟੀ.ਬੀ. ਟੀਮ ਨੂੰ ਪ੍ਰੋਤਸਾਹਨ ਦਿੰਦੇ ਹੋਏ ਕਿਹਾ ਕਿ ਇਸ ਮੁਹਿੰਮ ਦੌਰਾਨ ਬਿਹਤਰ ਕੰਮ ਕਰਨ ਵਾਲੇ ਸਿਹਤ ਸਟਾਫ਼ ਨੂੰ ਸਨਮਾਨਤ ਵੀ ਕੀਤਾ ਜਾਵੇਗਾ।

ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਟੀ.ਬੀ. ਇੱਕ ਛੂਤ ਦਾ ਰੋਗ ਹੈ ਅਤੇ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ, ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਮੁਫ਼ਤ ਜਾਂਚ ਅਤੇ ਇਲਾਜ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 2 ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।

ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਨੇ ਦੱਸਿਆ ਕਿ ਇਸ 100 ਦਿਨਾਂ ਦੀ ਇਸ ਮੁਹਿੰਮ ਦੌਰਾਨ ਜਿਲ੍ਹੇ ਵਿੱਚ ਸਲੱਮ ਏਰੀਆ, ਇੰਡਸਟ੍ਰੀਅਲ ਏਰੀਆ, ਹਾਈ ਰਿਸਕ ਖੇਤਰ ਕਵਰ ਕੀਤੇ ਜਾਣਗੇ ਅਤੇ ਟੀ.ਬੀ. ਦੇ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਵਰੀ 2024 ਤੋਂ ਦਸੰਬਰ 2024 ਤੱਕ 4849 ਟੀ.ਬੀ. ਦੇ ਮਰੀਜਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿਚੋਂ ਇਸ ਸਮੇਂ ਜਿਲ੍ਹੇ ਵਿੱਚ 2670 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਬਾਕੀ ਮਰੀਜ ਟੀ.ਬੀ. ਦੀ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ, ਐਸ.ਐਮ.ਓ. ਡਾ. ਸੁਰਜੀਤ ਸਿੰਘ, ਐਮ.ਓ. ਸਪੈਸ਼ਲਿਟ ਚੈਸਟ ਐਂਡ ਟੀ.ਬੀ. ਡਾ. ਰਘੂ ਸੱਭਰਵਾਲ, ਡਾ. ਪ੍ਰਭਜੀਤ ਐਨ.ਟੀ.ਈ.ਪੀ. ਕੰਨਸਲਟੈਂਟ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਜਿਲ੍ਹਾ ਕਮਿਊਨਿਟੀ ਕੋਆਰਡੀਨੇਟਰ ਡਾ. ਜੋਤੀ ਬਾਲਾ, ਜਿਲ੍ਹੇ ਦੇ ਐਸ.ਟੀ.ਐਸ., ਐਸ.ਟੀ.ਐਲ.ਐਸ., ਟੀ.ਬੀ.ਐਚ.ਵੀ., ਐਲ.ਟੀ. ਵੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।