ਅੰਮ੍ਰਿਤਸਰ ,17 ਜਨਵਰੀ ( ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਸਹਿਯੋਗ ਸਦਕਾ ਅੱਜ ਜਲੰਧਰ ਨਾਲ ਸਬੰਧਤ 55 ਸਾਲਾ ਯਸ਼ਪਾਲ ਪੁੱਤਰ ਰਤਨ ਲਾਲ ਦਾ ਮ੍ਰਿਤਕ ਸਰੀਰ ਮੌਤ ਤੋਂ ਕਰੀਬ 16 ਦਿਨਾਂ ਬਾਅਦ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਨਵਜੀਤ ਸਿੰਘ ਘਈ ਤੇ ਸੁਖਚੈਨ ਸਿੰਘ ਹੇਰ ਵੱਲੋਂ ਪ੍ਰਾਪਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਯਸ਼ਪਾਲ ਵੀ ਹੋਰਨਾਂ ਵਾਂਗ ਕਰੀਬ 7 ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਕੰਮਕਾਜ ਲਈ ਆਇਆ ਸੀ ਕਿ ਬੀਤੀ 1 ਜਨਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਉਸ ਦੀ ਮੌਤ ਹੋ ਗਈ। ਡਾ.ਓਬਰਾਏ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਯਸ਼ਪਾਲ ਦੇ ਨਾਲ ਰਹਿਣ ਵਾਲੇ ਅਮਰਜੀਤ ਸਿੰਘ ਰਾਹੀਂ ਸੰਪਰਕ ਕਰਕੇ ਯਸ਼ਪਾਲ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਕਿਹਾ ਸੀ। ਜਿਸ ਉਪਰੰਤ ਭਾਰਤੀ ਦੂਤਾਵਾਸ ਦੀ ਮਦਦ ਨਾਲ ਉਨ੍ਹਾਂ ਆਪਣੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਦੀ ਦੇਖ ਰੇਖ ‘ਚ ਸਾਰੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਅੱਜ ਯਸ਼ਪਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਇਆ ਹੈ। ਡਾ.ਓਬਰਾਏ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਯਸ਼ਪਾਲ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਇਆ ਖਰਚ ਉਸ ਦੀ ਕੰਪਨੀ ਵੱਲੋਂ ਹੀ ਕੀਤਾ ਗਿਆ ਹੈ। ਜਦ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਜਲੰਧਰ ਤੱਕ ਭੇਜਣ ਲਈ ਐਂਬੂਲੈਂਸ ਦਾ ਪ੍ਰਬੰਧ ਟਰੱਸਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਰੈਡ ਕ੍ਰਾਸ ਅਤੇ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਮ੍ਰਿਤਕ ਸਰੀਰ ਲੈਣ ਹਵਾਈ ਅੱਡੇ ਤੇ ਪਹੁੰਚੀ ਯਸ਼ਪਾਲ ਦੀ ਪਤਨੀ ਰੀਟਾ ਰਾਣੀ,ਭਰਾ ਰਾਜਪਾਲ, ਪੁੱਤਰ ਟਵਿੰਕਲ ਤੇ ਜਵਾਈ ਵਿਨੋਦ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੇ ਘੜੀ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਪਰਉਪਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ।
ਟਰੱਸਟ ਦੇ ਅਹੁਦੇਦਾਰਾਂ ਅਨੁਸਾਰ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 382 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਕੈਪਸ਼ਨ : ਹਵਾਈ ਅੱਡੇ ਤੇ ਯਸ਼ਪਾਲ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪਣ ਮੌਕੇ ਟਰੱਸਟ ਦੇ ਅਹੁਦੇਦਾਰ।