ਪਟਵਾਰੀਆਂ ਦੀ ਗਿਰਦਾਵਰੀ ਕਰਨ ‘ਤੇ ਲੱਗੀ ਡਿਊਟੀ, ਲੋਕ ਹੋ ਰਹੇ ਖੱਜਲ ਖੁਆਰ
ਫਗਵਾੜਾ 11 ਅਪ੍ਰੈਲ (ਸ਼ਿਵ ਕੌੜਾ) ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਸਬ-ਡਵੀਜਨ ਫਗਵਾੜਾ ਦੇ ਸਮੂਹ ਪਟਵਾਰੀਆਂ ਦੀ ਡਿਊਟੀ ਡੀ.ਸੀ.ਐਸ. ਗਿਰਦਾਵਰੀ ਲਈ ਲਗਾਏ ਜਾਣ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਗਵਾੜਾ ਦੇ ਬੰਗਾ ਰੋਡ ਸਥਿਤ ਪਟਵਾਰਖਾਨੇ ਦੇ ਗੇਟ ‘ਤੇ ਲੱਗੇ ਨੋਟਿਸ ਅਨੁਸਾਰ ਸਮੂਹ ਪਟਵਾਰੀਆਂ ਨੂੰ 9 ਅਪ੍ਰੈਲ ਤੋਂ 20 ਅਪ੍ਰੈਲ ਤੱਕ ਆਪੋ ਆਪਣੇ ਪਿੰਡਾਂ ‘ਚ ਗਿਰਦਾਵਰੀ ਕਰਨ ਦਾ ਹੁਕਮ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਜਾਰੀ ਕੀਤਾ ਗਿਆ ਹੈ। ਆਮ ਲੋਕਾਂ ਨੇ ਦੱਸਿਆ ਕਿ ਪਹਿਲਾਂ ਤਹਿਸੀਲਦਾਰ ਦੀ ਨਿਯੁਕਤੀ ਨਾ ਹੋਣ ਕਾਰਨ ਜਾਇਦਾਦਾਂ ਦੇ ਇੰਤਕਾਲ ਚੜ੍ਹਾਉਣ ਦਾ ਕੰਮ ਠੱਪ ਰਿਹਾ ਅਤੇ ਹੁਣ ਪਟਵਾਰੀਆਂ ਦੀ ਡਿਊਟੀ ਗਿਰਦਾਵਰੀ ਲਈ ਲਾਏ ਜਾਣ ਨਾਲ ਉਹਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਹਨਾਂ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਪਰੇਸ਼ਾਨੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।