ਗੁਰਬਾਣੀ ਵਿਚ ਸਤਿਗੁਰੂ ਜੀ ਫੁਰਮਾਉਂਦੇ ਹਨ :”ਝਾਲਾਗੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ।। ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ।।” ਗੁਰਬਾਣੀ ਆਸ਼ੇ ਅਨੁਸਾਰ ਚਲਦੇ ਹੋਏ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਸੂ-ਕੱਤਕ ਦੇ ਮਹੀਨੇ, ਨਾਮਧਾਰੀ ਸੰਗਤ ਅੰਮ੍ਰਿਤ ਵੇਲੇ ਜਾਗ ਕੇ, ਸਾਰੇ ਦਿਨ ਵਿਚ ਅੱਠ-ਅੱਠ ਘੰਟੇ ਨਾਮ ਸਿਮਰਨ ਕਰਕੇ ਅਤੇ ਜੱਪ-ਪ੍ਰਯੋਗ ਦੇ ਮਹਾਕੁੰਭ ਵਿਚ ਹਿੱਸਾ ਲੈ ਕੇ ਆਪਣਾ ਜਨਮ ਸਫਲਾ ਕਰਦੀ ਹੈ। ਨਾਮਧਾਰੀ ਪੰਥ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਗੁਰਬਾਣੀ ਅਨੁਸਾਰ ਨਾਮ ਜਪਣ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ, ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ। ਸਤਿਗੁਰੂ ਜੀ ਦੁਆਰਾ ਦਰਸ਼ਾਏ ਪੂਰਨਿਆਂ ਉੱਤੇ ਚਲਦੇ ਹੋਏ,  ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਭਾਦਰੋਂ ਦੇ ਮਹੀਨੇ 40 ਦਿਨਾਂ ਦੇ ਜੱਪ-ਪ੍ਰਯੋਗ ਦੀ ਅਰੰਭਤਾ ਕੀਤੀ ਜੋ ਕਿ ਅੱਗੇ ਵੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਇਹ ਸਿਮਰਨ ਸਾਧਨਾ ਸਾਲ-ਸਾਲ ਭਰ ਵੀ ਚਲਦਾ ਰਿਹਾ। ਇਸ ਤਰ੍ਹਾਂ ਹੀ ਇਸ ਸਾਲ ਵੀ ਵਰਤਮਾਨ ਨਾਮਧਾਰੀ ਮੁਖੀ  ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਸਦਕਾ ਭਾਰਤ ਵਿਚ ਵੱਖ ਵੱਖ ਥਾਵਾਂ ਅਤੇ ਵਿਦੇਸ਼ਾਂ ਵਿਚ ਵੀ 40 ਦਿਨਾਂ ਦਾ ਜਪ-ਪ੍ਰਯੋਗ ਨਿਰੰਤਰ ਚੱਲ ਰਿਹਾ ਹੈ। ਇਸ ਜੱਪ-ਪ੍ਰਯੋਗ ਦੇ ਦੌਰਾਨ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਇਸਨਾਨ ਆਦਿ ਕਰ ਕੇ ਧੂਪ, ਦੀਪ, ਕੁੰਭ-ਸਮੱਗਰੀ ਸਹਿਤ ਨਾਮ ਸਿਮਰਨ ਵਿਚ ਜੁੜ ਜਾਂਦੀ ਹੈ ਅਤੇ ਸਾਰੇ ਦਿਨ ਵਿਚ ਅੱਠ ਘੰਟੇ ਨਾਮ ਸਿਮਰਨ ਤੋਂ ਇਲਾਵਾ ਆਸਾ ਦੀ ਵਾਰ, ਸ਼ਾਮ ਦੇ ਦੀਵਾਨ, ਕਥਾ-ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚਲਦਾ ਹੈ। ਇਸ ਦੌਰਾਨ ਸਾਦਾ ਸਾਤਵਿਕ ਭੋਜਨ ਲੈਣ ਦੇ ਨਾਲ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਦਾ ਅਭਿਆਸ ਵੀ ਕੀਤਾ ਜਾਂਦਾ ਹੈ।ਇਸ ਮੌਕੇ ਸਤਿਗੁਰੂ ਜੀ ਹਰ ਰੋਜ ਅੰਮ੍ਰਿਤ ਵੇਲੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਧਿਆਨ ਲਗਾ ਕੇ ਨਾਮ ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦੇ ਹਨ, ਉਸ ਦੇ ਨਾਲ ਹੀ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਉਣ ਲਈ ਸ਼ੁਭ ਕਰਮ ਕਰਨ ਦੇ ਨਾਲ, ਸਾਤਵਿਕ ਭੋਜਨ ਕਰਕੇ ਅਤੇ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸਿਹਤ ਨੂੰ ਵੀ ਦੁਰੁਸਤ ਰੱਖਣ ਲਈ ਭਲੀ-ਭਾਂਤ ਪ੍ਰੇਰਿਤ ਕਰਦੇ ਹਨ।ਇਹ ਜੱਪ-ਪ੍ਰਯੋਗ ਹਰ ਪਾਸੇ ਸਵਰਗ ਜਿਹਾ ਮਾਹੌਲ ਪ੍ਰਦਾਨ ਕਰ, ਕਲਿਜੁਗ ਦੇ ਇਸ ਦੌਰ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕਰਦਾ ਪ੍ਰਤੀਤ ਹੋ ਰਿਹਾ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।