ਜਲੰਧਰ (30-09-2024): ਭਾਰਤ ਸਰਕਾਰ ਵਲੋਂ ਦੇਸ਼ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪਰ ਟੀ.ਬੀ. ਦੇ ਇਲਾਜ ਪ੍ਰਤੀ ਲੋਕ ਘੱਟ ਸੰਵੇਦਨਸ਼ੀਲ ਹਨ। ਇਸਦੇ ਮੱਦੇਨਜਰ ਸਿਹਤ ਵਿਭਾਗ ਅਤੇ ਇੰਟੀਗਰੇਟਿਡ ਮਈਰਜ਼ ਫਾਰ ਪ੍ਰੀਵੈਨਸ਼ਨ ਐਂਡ ਕੇਅਰ ਇੰਨ ਟੀ.ਬੀ. (ਇੰਮਪੈਕਟ ਇੰਡੀਆ) ਸੰਸਥਾ ਦੁਆਰਾ ਸਾਂਝੇ ਤੋਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਿਖਲਾਈ ਕੇਂਦਰ ਸਿਵਲ ਸਰਜਨ ਦਫ਼ਤਰ ਵਿਖੇ ਸੋਮਵਾਰ ਨੂੰ ਟੀ.ਬੀ. ਦੀ ਬਿਮਾਰੀ ਤੋਂ ਠੀਕ ਹੋ ਚੁੱਕੇ ਮਰੀਜਾਂ ਨੂੰ ਟੀ.ਬੀ. ਚੈਂਪੀਅਨ ਬਣਾਉਣ ਲਈ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਸੈਸ਼ਨ ਦਾ ਮੁੱਖ ਉਦੇਸ਼ ਟੀ.ਬੀ. ਚੈਂਪੀਅਨਸ ਨੂੰ ਸਸ਼ਕਤ ਬਣਾ ਕੇ ਅਜਿਹਾ ਨੇਟਵਰਕ ਸਥਾਪਤ ਕਰਨਾ ਹੈ ਜੋ ਸਥਾਨਕ ਪੱਧਰ ‘ਤੇ ਟੀ.ਬੀ. ਦੇ ਖਾਤਮੇ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ। ਟੀ.ਬੀ. ਚੈਂਪੀਅਨ ਸਮਾਜ ਵਿੱਚ ਟੀ.ਬੀ. ਤੋਂ ਗ੍ਰਸਤ ਮਰੀਜਾਂ ਨੂੰ ਬਿਮਾਰੀ ਤੋਂ ਉਭਰਨ ਲਈ ਪ੍ਰੇਰਿਤ ਕਰਨਗੇ ਅਤੇ ਨਾਲ ਹੀ ਸਮਾਜ ਨੂੰ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਗੇ। ਟੀ.ਬੀ. ਚੈਂਪੀਅਨ ਵਲੋਂ ਸਮਾਜ ਵਿੱਚ ਆਪਣਾ ਨੈਟਵਰਕ ਸਥਾਪਤ ਕਰਕੇ ਅੱਗੇ ਹੋਰ ਟੀ.ਬੀ. ਚੈਂਪੀਅਨ ਬਣਾਉਣਗੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜੇ ਵੀ ਟੀ.ਬੀ. ਦੇ ਮਰੀਜਾਂ ਨੂੰ ਭੇਦਭਾਵ ਵਾਲੀ ਨਜਰ ਨਾਲ ਦੇਖਿਆ ਜਾਂਦਾ ਹੈ, ਜਿਸ ਕਾਰਨ ਹੀਨ ਭਾਵਨਾ ਆਉਣ ਕਰਕੇ ਬਹੁਤ ਸਾਰੇ ਲੋਕ ਟੀ.ਬੀ. ਦਾ ਟੈਸਟ ਅਤੇ ਇਲਾਜ ਕਰਵਾਉਣ ਤੋਂ ਗੁਰੇਜ ਕਰਦੇ ਹਨ। ਇਹ ਚੈਂਪੀਅਨ ਸਮਾਜ ਵਿੱਚ ਟੀ.ਬੀ. ਦੀ ਬਿਮਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਿੱਚ ਸਹਾਇਕ ਸਾਬਿਤ ਹੋਣਗੇ।
ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਦੀ ਦੇਖਰੇਖ ਹੇਠ ਇਸ ਟ੍ਰੇਨਿੰਗ ਸੈਸ਼ਨ ਦੌਰਾਨ ਕੰਸਲਟੈਂਟ ਡਬਲਯੂ.ਐਚ.ਓ. ਡਾ. ਪ੍ਰਭਜੋਤ ਕੌਰ ਵੱਲੋਂ ਟੀ.ਬੀ. ਰੋਗ ਪ੍ਰਬੰਧਨ, ਰੋਗੀ ਦੀ ਦੇਖਭਾਲ ਆਦਿ ਸੰਬੰਧੀ ਪੀ.ਪੀ.ਟੀ. ਰਾਹੀਂ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪ੍ਰੋਗਰਾਮ ਮੈਨੇਜਰ ਟੀ.ਬੀ. ਅਲਰਟ ਹੈਦਰਾਬਾਦ ਰਵਿੰਦਰ ਗੰਗੂਲਾ, ਸਟੇਟ ਲੀਡ ਨੀਰਜ ਸਿਨਹਾ, ਡਿਸਟ੍ਰਿਕ ਲੀਡ ਸੰਜੇ ਕੁਮਾਰ,ਵਿਪਨ ਜੋਸਫ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।