ਕੈਨੇਡਾ ਵਿੱਚ ਸਰ੍ਹੀ ਸਥਿਤ ਸੁੱਖੀ ਬਾਠ ਫ਼ਾਊਂਡੇਸ਼ਨ ਦੇ ਮੁਖੀ ਸ੍ਰੀ ਸੁੱਖੀ ਬਾਠ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ.ਸਤਬੀਰ ਬੇਦੀ ਆਈ.ਏ. ਐੱਸ (ਰਿਟਾ.) ਨਾਲ ਮੁਲਾਕਾਤ ਕਰਕੇ ਕੈਨੇਡਾ ਤੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਸਭਿਆਚਾਰਕ ਸਾਂਝ ਵਧਾਉਣ ਹਿਤ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ। ਇਸ ਚਰਚਾ ਵਿੱਚ ਸਿੱਖਿਆ ਬੋਰਡ ਦੇ ਉਪ ਸਕੱਤਰ ਸ੍ਰੀਮਤੀ ਗੁਰਮੀਤ ਕੌਰ ਅਤੇ ਡਾਇਰੈਕਟਰ ਮੈਰੀਟੋਰੀਅਸ ਇੰਸੀਚਿਊਸ਼ਨਜ਼, ਮਨਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਬੋਰਡ ਦੇ ਵਿਸ਼ਾ ਮਾਹਰ ਤੇ ਹੋਰ ਮੁਲਾਜ਼ਮ ਵੀ ਸ਼ਾਮਲ ਹੋਏ।
ਫਾਊਂਡੇਸ਼ਨ ਦੇ ਮੁਖੀ ਸ੍ਰੀ ਬਾਠ ਨੇ ਦੱਸਿਆ ਕਿ ਉਹਨਾਂ ਦੀ ਫਾਊਂਡੇਸ਼ਨ ਕੈਨੇਡਾ ਵਿੱਚ ਮੌਜੂਦ ਪੰਜਾਬੀ ਵਿਦਿਆਰਥੀਆਂ ਲਈ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ । ਉਨਾਂ ਇਹ ਵੀ ਕਿਹਾ ਕਿ ਉਹ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਵਿੱਦਿਆ ਪ੍ਰਾਪਤ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਿਆ ਤੇ ਮਿਹਨਤ ਦੇ ਸਿਰ ਉੱਤੇ ਹਰ ਖੇਤਰ ਵਿੱਚ ਕਾਮਯਾਬੀਆਂ ਪ੍ਰਾਪਤ ਕਰ ਰਹੇ ਹਨ। ਉਹਨਾਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਵਿੱਚ ਪੰਜਾਬੀ ਬੋਲੀ ਤੇ ਸਾਹਿਤ ਪ੍ਰਤੀ ਚੇਟਕ ਜਗਾਉਂਣ ਦੇ ਉਪਰਾਲਿਆਂ ਦੀ ਖੁੱਲ੍ਹ ਕੇ ਚਰਚਾ ਕੀਤੀ। ਉਨਾਂ ਇਸ ਮੌਕੇ ਆਪਣੀ ਫਾਊਂਡੇਸ਼ਨ ਦੀ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਨ’ ਦੀਆਂ ਕਾਪੀਆਂ ਵੀ ਬੋਰਡ ਨੂੰ ਭੇਂਟ ਕੀਤੀਆਂ।
ਬੋਰਡ ਦੇ ਚੇਅਰਪਰਸਨ ਡਾ. ਬੇਦੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਿਆ ਦੇ ਮਿਆਰ ਤੇ ਨਜ਼ਰ ਰੱਖ ਕੇ ਪੰਜਾਬ ਦੀ ਸਕੂਲੀ ਸਿੱਖਿਆ ਦੇ ਮਿਆਰ ਨੂੰ ਉਸ ਪੱਧਰ ਤੱਕ ਲੈ ਕੇ ਜਾਣ ਦਾ ਇੱਛੁਕ ਹੈ ਜਿੱਥੇ ਪੰਜਾਬ ਦੇ ਵਿਦਿਆਰਥੀ ਵਿਸ਼ਵ ਭਰ ਵਿੱਚ ਕਿਸੇ ਵੀ ਹੋਰ ਦੇਸ਼ ਦੇ ਵਿਦਿਆਰਥੀ ਤੋਂ ਘੱਟ ਨਾ ਹੋਣ। ਉਹਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਬੋਰਡ ਹਰ ਹੀਲਾ ਵਰਤ ਕੇ ਆਪਣੇ ਵਿਦਿਆਰਥੀਆਂ ਦਾ ਮਿਆਰ ਉੱਚਾ ਚੁੱਕਣ ਪ੍ਰਤੀ ਵਚਨਬੱਧ ਹੈ। ਇਸ ਮੌਕੇ ਸ਼੍ਰੀ ਸਰਕਾਰੀਆ ਨੇ ਵੀ ਵਿਸ਼ਵਾਸ ਦਵਾਇਆ ਕਿ ਉਕਤ ਸਾਰੇ ਕਾਰਜ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਖੂਬੀ ਕੀਤੇ ਜਾਣਗੇ।
ਬੈਠਕ ਵਿੱਚ ਫਾਊਂਡੇਸ਼ਨ ਦੇ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੇ ਮੁਖੀ ਬੀਬਾ ਪ੍ਰੀਤ ਹੀਰ , ਵਿਸ਼ਾ ਮਾਹਰ ਸੀਮਾ ਚਾਵਲਾ, ਪਰਮਿੰਦਰ ਕੌਰ ਅਤੇ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।