ਸਰਕਾਰ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਵਿਭਾਗੀ ਮੰਗਾਂ ਸੰਬੰਧੀ ਮੰਗ ਪੱਤਰ ਭੇਜ ਕੇ ਮੰਗਾਂ ਦੀ ਪੂਰਤੀ ਕਰਨ ਲਈ ਲਿਖਿਆ ਗਿਆ, ਪਰ ਸਰਕਾਰ ਵਲੋਂ ਅਜੇ ਤੱਕ ਵੀ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਦਫ਼ਤਰੀ ਕੰਮ ਠੱਪ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ, ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਅਤੇ ਕਰਵਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਨੇ ਦੱਸਿਆ ਕੇ ਸਰਕਾਰ ਸਾਡੀਆਂ ਮੰਗਾਂ ਵੱਲ ਬਿਲਕੁੱਲ ਧਿਆਨ ਨਹੀਂ ਦੇ ਰਹੀ। ਜਿਸ ਕਰਕੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਅਤੇ ਜਿਲਾ ਆਗੂਆਂ ਨਾਲ ਵਿਚਾਰ ਕੀਤਾ ਗਿਆ ਅਤੇ ਬਹੁਗਿਣਤੀ ਵਿੱਚ ਵਿਚਾਰ ਆਏ ਕੇ ਹੜਤਾਲ ਕੀਤੀ ਜਾਣੀ ਚਾਹੀਦੀ ਹੈ। ਜੱਥੇਬੰਦੀ ਦੇ ਆਗੂਆਂ ਦੇ ਆਏ ਵਿਚਾਰਾਂ ਦੇ ਮੱਦੇਨਜ਼ਰ ਜੱਥੇਬੰਦੀ ਵਲੋਂ ਮਜਬੂਰਨ ਫ਼ੈਸਲਾ ਲਿਆ ਗਿਆ ਕੇ ਸਰਕਾਰ ਵਲੋਂ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਸੰਘਰਸ਼ ਦੇ ਸ਼ੁਰੂਆਤ ਵਿੱਚ ਮਿਤੀ 15-01-2025 ਤੋਂ 17-01-2025 ਤਿੰਨ ਦਿਨ ਸੂਬੇ ਦੇ ਸਮੂਹ ਡੀ.ਸੀ. ਦਫ਼ਤਰਾਂ, ਸਮੂਹ ਐੱਸ.ਡੀ.ਐਮ. ਦਫ਼ਤਰਾਂ, ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੋਈ ਦਫ਼ਤਰੀ ਕੰਮ ਨਹੀਂ ਹੋਵੇਗਾ। ਇਸ ਸੰਘਰਸ਼ ਕਰਕੇ ਵੀ ਜੇ ਸਰਕਾਰ ਨੇ ਮੰਗਾਂ ਦੀ ਪੂਰਤੀ ਨਹੀਂ ਕੀਤੀ ਤਾਂ ਮਿਤੀ 18-01-2025 ਨੂੰ ਜੱਥੇਬੰਦੀ ਵਲੋਂ ਸੰਘਰਸ਼ ਵਿੱਚ ਵਾਧਾ ਕਰਦੇ ਹੋਏ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਮੰਗਾਂ ਦਾ ਵੇਰਵਾ
ਡੀ.ਸੀ. ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦੀ ਪ੍ਰਮੋਸ਼ਨ ਦੇ ਬਹੁਤ ਘੱਟ ਮੌਕੇ ਹਨ। ਸੀਨੀਅਰ ਸਹਾਇਕ ਪ੍ਰਮੋਟ ਹੋਣ ਲਈ ਨੌਕਰੀ ਵਿੱਚ ਆਉਣ ਤੋਂ ਬਾਅਦ ਲਗਭਗ 27-28 ਸਾਲ ਲੱਗਦੇ ਹਨ। ਇਸ ਲਈ ਸੀਨੀਅਰ ਸਹਾਇਕ ਦਾ ਪ੍ਰਮੋਸ਼ਨ ਕੋਟਾ 100% ਕੀਤਾ ਜਾਵੇ।
ਐੱਸ.ਡੀ.ਐਮ. ਦਫ਼ਤਰਾਂ ਵਿਚ ਸੁਪਰਡੈਂਟ ਗ੍ਰੇਡ-2 ਮਾਲ ਤੇ ਰਿਕਾਰਡ ਦੀ ਆਸਾਮੀ ਸੀਨੀਅਰ ਸਹਾਇਕਾਂ ਤੋਂ ਅੱਪਗ੍ਰੇਡ ਹੋਈ ਹੈ। ਇਸ ਲਈ ਸੰਬੰਧਿਤ ਰੂਲਾਂ ਵਿਚ ਸੋਧ ਕਰਕੇ ਜਾਂ ਕੋਈ ਪੱਤਰ ਜਾਰੀ ਕਰਕੇ ਐੱਸ.ਡੀ.ਐਮ. ਦਫ਼ਤਰਾਂ ਵਿਚ ਸੁਪਰਡੈਂਟ ਗ੍ਰੇਡ-2 ਮਾਲ ਤੇ ਰਿਕਾਰਡ ਕੇਵਲ ਸੀਨੀਅਰ ਸਹਾਇਕਾਂ ਤੋਂ ਹੀ ਪ੍ਰਮੋਟ ਕੀਤੇ ਜਾਣ।
ਨਾਰਮਜ ਅਨੁਸਾਰ ਡੀ.ਸੀ. ਦਫਤਰਾਂ, ਐੱਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿਚ ਜਿੱਥੇ-ਜਿੱਥੇ ਅਸਾਮੀਆਂ ਦੀ ਰਚਨਾ ਨਹੀਂ ਹੋਈ ਉਹ ਕੀਤੀ ਜਾਵੇ।
ਨਾਇਬ ਤਹਿਸੀਲਦਾਰ ਦੀ ਪਰਮੋਸ਼ਨ ਦਾ ਕੋਟਾ ਵਧਾਇਆ ਜਾਵੇ।
ਡੀ.ਸੀ. ਦਫਤਰਾਂ, ਐੱਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਨੂੰ 5% ਪ੍ਰਸ਼ਾਸਕੀ ਭੱਤਾ ਦਿੱਤਾ ਜਾਵੇ।
ਪ੍ਰੋਬੇਸ਼ਨ ਪੀਰੀਅਡ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪੂਰੇ ਭੱਤਿਆਂ ਸਮੇਤ ਤਨਖ਼ਾਹ ਦਿੱਤੀ ਜਾਵੇ।
17-07-2020 ਵਾਲਾ ਪੱਤਰ ਰੱਦ ਕਰਕੇ ਪੰਜਾਬ ਦਾ ਲਾਗੂ ਪੇ ਸਕੇਲ ਦਿੱਤਾ ਜਾਵੇ।
ਜੂਨੀਅਰ ਸਕੇਲ ਸਟੈਨੋਗ੍ਰਾਫਰ ਤੋਂ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਪਰਮੋਸ਼ਨ ਬਿਨਾ ਕਿਸੇ ਟੈਸਟ ਤੋਂ ਕੀਤੀ ਜਾਵੇ ਅਤੇ ਸਟੈਨੋ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਨਿੱਜੀ ਸਹਾਇਕ ਦੀ ਜਿਸ-ਜਿਸ ਅਧਿਕਾਰੀ ਨਾਲ ਪੋਸਟਿੰਗ ਬਣਦੀ ਹੈ, ਉੱਥੇ ਕੀਤੀ ਜਾਵੇ।
ਆਊਟਸੋਰਸ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਨਾ ਕੀਤੇ ਜਾਣ ਤੱਕ ਉਹਨਾ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ।
ਸੁਪਰਡੈਂਟ ਗ੍ਰੇਡ-2 ਮਾਲ ਤੇ ਰਿਕਾਰਡ ਤੋਂ ਤਹਿਸੀਲਦਾਰ ਪ੍ਰਮੋਸ਼ਨ ਲਈ ਤਜਰਬੇ ਦੀ ਸ਼ਰਤ ਚਾਰ ਸਾਲ ਤੋਂ ਘਟਾ ਕੇ ਦੋ ਸਾਲ ਕੀਤੀ ਜਾਵੇ।
ਸੁਪਰਡੈਂਟ ਗ੍ਰੇਡ-2 ਮਾਲ ਤੇ ਰਿਕਾਰਡ ਤੋਂ ਤਹਿਸੀਲਦਾਰ ਪ੍ਰਮੋਸ਼ਨ ਵਾਲਾ ਕੇਸ ਕਲੀਅਰ ਕਰਕੇ ਇਹ ਪ੍ਰਮੋਸ਼ਨਾ ਤੁਰੰਤ ਕੀਤੀਆਂ ਜਾਣ।
ਸੂਬਾ ਬਾਡੀ
ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ।