ਜਲੰਧਰ 11 (ਨਿਤਿਨ ਕੌੜਾ ) :ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਦੇ ਪਿਤਾ ਜੀ ਸ. ਹਰਨਰਿੰਦਰ ਸਿੰਘ ਸਾਬਕਾ ਪ੍ਰਿੰਸੀਪਲ ਅਤੇ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮਿਤੀ 10.09.2023 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਚਾਨਕ ਅਕਾਲ-ਚਲਾਣੇ ਕਾਰਨ ਉਹਨਾਂ ਦੇ ਪਰਿਵਾਰ ਸਮੇਤ ਸਮੂਹ ਸਾਕ-ਸੰਬੰਧੀ ਅਤੇ ਸੱਜਣ ਮਿੱਤਰ ਡੂੰਘੇ ਦੁੱਖ ਵਿਚ ਹਨ। ਸ. ਹਰਨਰਿੰਦਰ ਸਿੰਘ ਜੀ ਨੇ 1977 ਤੋਂ 1992 ਤੱਕ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਈਆਂ। ਉਹਨਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ। ਉਹ ਹਰ ਹਾਲਤ ਵਿਚ ਆਪਣੀ ਪਦਵੀ ਅਤੇ ਜ਼ਿੰਮੇਵਾਰੀਆਂ ਨੂੰ ਸਮਰਪਿਤ ਰਹੇ। ਉਹਨਾਂ ਦੀ ਸਖ਼ਤ ਮਿਹਨਤ, ਦੂਰਅੰਦੇਸ਼ੀ ਅਤੇ ਉੱਚ-ਕੋਟੀ ਦੀ ਸੋਚ ਸਦਕਾ ਕਾਲਜ ਨੇ ਬਹੁਤ ਵਿਕਾਸ ਕੀਤਾ। ਆਪਣੇ ਸਮੂਹ ਸਟਾਫ਼ ਨਾਲ ਡੂੰਘੀ ਅਪਣੱਤ ਕਾਰਨ ਉਹ ਸਾਰਿਆਂ ਦੇ ਚਹੇਤੇ ਪ੍ਰਿੰਸੀਪਲ ਬਣ ਗਏ ਅਤੇ ਲੋਕ ਉਹਨਾਂ ਨੂੰ ਪਿਆਰ ਨਾਲ ‘ਰਾਜਾ ਜੀ’ ਕਹਿ ਕੇ ਸੰਬੋਧਨ ਕਰਦੇ ਸਨ। ਉਹਨਾਂ ਨੇ ਕਾਲਜ ਨੂੰ ਅਕਾਦਮਿਕ ਖੇਤਰ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿਚ ਵੀ ਅੱਗੇ ਲਿਆਉਣ ਲਈ ਸੁਯੋਗ ਯਤਨ ਕੀਤੇ ਜਿਸ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਦੇ ਨਾਮ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਅਤੇ ਇਹ ਕਾਲਜ ਲੋਕਾਂ ਦੀ ਤਰਜ਼ੀਹ ਬਣ ਗਿਆ। ਸ੍ਰ. ਰਾਜਾ ਹਰਨਰਿੰਦਰ ਸਿੰਘ ਜੀ ਬਹੁਪੱਖੀ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਅਚਾਨਕ ਅਕਾਲ-ਚਲਾਣੇ ਕਾਰਨ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਗਵਰਿਨੰਗ ਕੌਂਸਲ ਅਤੇ ਸਮੂਹ ਸਟਾਫ਼ ਨੇ ਸ਼ੋਕ-ਸਭਾ ਵਿਚ ਉਹਨਾਂ ਦੀ ਸਪੁੱਤਰੀ ਪ੍ਰੋ. ਜਸਰੀਨ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦਿਲਾਸਾ ਦਿੱਤਾ ਅਤੇ ਨਾਲ ਹੀ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਇਸ ਮੰਦਭਾਗੀ ਸਥਿਤੀ ਵਿਚ ਕਾਲਜ ਦੀ ਗਵਰਨਿੰਗ ਕੌਂਸਲ, ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਸਿੱਖਿਆ ਦੇ ਖੇਤਰ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਚੇਤਿਆਂ ਵਿਚ ਸਦਾ ਵਸਦੇ ਰਹਿਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।