ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਵਿਭਾਗ ਇਕਨਾਮਿਕਸ ਵੱਲੋਂ ਖੇਤੀਬਾੜੀ-ਵਿਕਾਸ, ਗਰੀਬੀ ਅਤੇ ਅਸਮਾਨਤਾ ਵਿਸ਼ੇ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਸਿੱਧ ਅਰਥ ਸ਼ਾਸਤਰੀ ਡਾ: ਕਮਲ ਵੱਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਸਨ। ਕਾਲਜ ਦੇ ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਕਨਾਮਿਕਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਜਿਹੇ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਾ: ਵੱਤਾ ਨੇ ਹਾਜ਼ਰੀਨ ਨੂੰ ਖੇਤੀਬਾੜੀ ਦੇ ਵਿਕਾਸ ਟੀਚਿਆਂ ਅਤੇ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਗਰੀਬੀ ਅਤੇ ਅਸਮਾਨਤਾ ਇਸ ਨਾਲ ਜੁੜੀ ਹੋਈ ਹੈ। ਵਿਸ਼ਵ ਦ੍ਰਿਸ਼ਟੀਕੋਣ ਬਾਰੇ ਦੱਸਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਵਿਕਾਸ ਦੇ ਉੱਚ ਟੀਚੇ ਰੱਖਣ ਵਾਲੇ ਦੇਸ਼ ਗਰੀਬੀ ਨਾਲ ਜੂਝ ਰਹੇ ਹਨ ਕਿਉਂਕਿ ਅਸਾਵੇਂ ਵਿਕਾਸ ਦੇ ਵੱਧਣ ਕਾਰਨ ਦੁਨੀਆਂ ਭਰ ਵਿੱਚ ਆਰਥਿਕ ਅਸਮਾਨਤਾਵਾਂ ਵਧੀਆਂ ਹਨ। ਉਨ੍ਹਾਂ ਵਿਸ਼ਵ ਅਸਮਾਨਤਾ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਗਰੀਬ 50% ਕੋਲ ਸਿਰਫ 8.5% ਆਮਦਨ ਅਤੇ 2% ਦੌਲਤ ਹੈ। ਸਭ ਤੋਂ ਅਮੀਰ 10% ਕੋਲ 52% ਆਮਦਨ ਅਤੇ 76% ਦੌਲਤ ਹੈ। ਭਾਰਤ ਵਿੱਚ ਅਸਮਾਨਤਾ ਦਾ ਸਭ ਤੋਂ ਉੱਚਾ ਪੱਧਰ ਹੈ ਕਿਉਂਕਿ ਇਸਨੇ ਖੇਤੀਬਾੜੀ ਤੋਂ ਸੇਵਾਵਾਂ ਖੇਤਰ ਤੱਕ ਛਾਲ ਮਾਰਨ ਦੀ ਰਣਨੀਤੀ ਅਪਣਾਈ ਹੈ। ਉਨ੍ਹਾਂ ਦੇ ਅਨੁਸਾਰ, ਵਿਕਾਸ ਦੀ ਰਣਨੀਤੀ ਵਿੱਚ ਢਾਂਚਾਗਤ ਤਬਦੀਲੀਆਂ ਨਾਲ ਵਿਕਾਸ ਦੀ ਦਰ ਘੱਟ ਸਕਦੀ ਹੈ ਪਰ ਗਰੀਬੀ ਵਿੱਚ ਕਮੀ ਲਿਆ ਸਕਦੀ ਹੈ। ਅਜਿਹਾ ਵਿਕਾਸ ਅਸਮਾਨਤਾ ਨੂੰ ਘਟਾਏਗਾ। ਇਹ ਇੱਕ ਇੰਟਰਐਕਟਿਵ ਸੈਸ਼ਨ ਸੀ ਜਿਸ ਵਿੱਚ ਹਾਜ਼ਰੀਨ ਵਿਦਿਆਰਥੀਆਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਾ. ਵੱਤਾ ਤੋਂ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ। ਉਨ੍ਹਾਂ ਇਕਨਾਮਿਕਸ ਵਿਭਾਗ ਵੱਲੋਂ ਕਰਵਾਏ ਅੰਤਰ-ਵਿਭਾਗੀ ਕੋਲਾਜ ਮੇਕਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ। ਜਿਸ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬੀ.ਕਾਮ ਸਮੈਸਟਰ ਤੀਜਾ ਦੇ ਸੂਰਯਾਂਸ਼ ਨੇ ਕੋਲਾਜ ਮੇਕਿੰਗ ਵਿੱਚ ਪਹਿਲਾ ਇਨਾਮ ਜਿੱਤਿਆ ਅਤੇ ਬੀ.ਏ. ਤੀਜਾ ਸਮੈਸਟਰ (ਫਾਈਨ ਆਰਟਸ) ਦੇ ਮਨਪ੍ਰੀਤ ਨੂੰ ਪੋਸਟਰ ਮੇਕਿੰਗ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। ਇਕਨਾਮਿਕਸ ਦੇ ਵਿਦਿਆਰਥੀਆਂ ਨੇ ਆਰਥਿਕ ਮੁੱਦਿਆਂ ’ਤੇ ਸਕਿੱਟ ਪੇਸ਼ ਕਰਕੇ ਸਮਾਗਮ ਨੂੰ ਹੋਰ ਖਾਸ ਬਣਾਇਆ। ਉਨ੍ਹਾਂ ਨੇ ਖੇਤੀ ਸਮੱਸਿਆਵਾਂ ‘ਤੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਪ੍ਰੋ: ਨਵਦੀਪ ਕੌਰ, ਮੁਖੀ ਇਕਨਾਮਿਸ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ, ਡਾ: ਕਮਲ ਵੱਤਾ ਦੀ ਆਪਣਾ ਕੀਮਤੀ ਸਮਾਂ ਕੱਢਣ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸ਼ਲਾਘਾ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਇਕਨਾਮਿਕਸ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।