ਅੱਜ ਦੇ ਯੁੱਗ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਨੇ ਇੱਕ ਵਿਸ਼ੇਸ਼ ਹੁਨਰ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਆਪਣੇ ਉਦਘਾਟਨੀ ਭਾਸ਼ਣ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦੇ ਵੱਖ-ਵੱਖ ਵਿਭਾਗ ਅਤੇ ਸੈੱਲ ਆਪਣੇ ਵਿਦਿਆਰਥੀਆਂ ਨੂੰ ਹੁਨਰ-ਮੁਖੀ ਅਤੇ ਕਦਰਾਂ-ਕੀਮਤਾਂ ਅਧਾਰਤ ਸਿੱਖਿਆ ਪ੍ਰਦਾਨ ਕਰਨ ਸਬੰਧੀ ਕਾਲਜ ਮੈਨੇਜਮੈਂਟ ਦੇ ਮਿਸ਼ਨ ਨੂੰ ਸਾਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਇਨ੍ਹਾਂ ਉਪਰਾਲਿਆਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਪਹਿਲੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ, ਡਾ. ਚਰਨਜੀਤ ਸਿੰਘ ਨੇ ਕਦਮ-ਦਰ-ਕਦਮ ਦਿਖਾਇਆ ਕਿ ਕਿਵੇਂ ਇੱਕ ਪ੍ਰਭਾਵਸ਼ਾਲੀ ਕਵਰ ਲੈਟਰ ਲਿਖਣਾ ਹੈ ਅਤੇ ਇੱਕ ਪ੍ਰਭਾਵਸ਼ਾਲੀ CV ਤਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਰੁਜ਼ਗਾਰਦਾਤਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਸੱਦਾ ਦੇਣ ਲਈ ਮਜਬੂਰ ਹੋ ਜਾਣ। ਸੈਸ਼ਨ ਨੂੰ ਅੱਗੇ ਤੋਰਦੇ ਹੋਏ, ਡਾ. ਅੰਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਾਰਤੀ ਅਤੇ ਗਲੋਬਲ ਬਾਜ਼ਾਰਾਂ ਵਿੱਚ ਨੌਕਰੀਆਂ ਬਾਰੇ ਜਾਣਕਾਰੀ ਲੈਣ ਲਈ ਵੱਖ-ਵੱਖ ਸਰੋਤਾਂ ਬਾਰੇ ਜਾਣੂ ਕਰਵਾਇਆ ਹਨ। ਉਨ੍ਹਾਂ ਦੁਆਰਾ ਉੱਚ ਸਿੱਖਿਆ ਅਤੇ ਖੋਜ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਉਪਲਬਧ ਵੱਖ-ਵੱਖ ਫੰਡਾਂ ‘ਸਬੰਧੀ ਦਿਤੀ ਜਾਣਕਾਰੀ ਨੂੰ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ। ਸੈਸ਼ਨ ਦੇ ਅੰਤਮ ਪੜਾਅ ਵਿੱਚ ਡਾ. ਨਵਦੀਪ ਕੁਮਾਰ ਨੇ ਉਹਨਾਂ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕੀਤਾ ਜੋ ਵਿਦਿਆਰਥੀ ਕਾਲਜ ਵਿੱਚ ਪੜ੍ਹਦੇ ਹੋਏ ਆਪਣੇ CV ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਰ ਸਕਦੇ ਹਨ। ਇਨ੍ਹਾਂ ਵਿੱਚ ਕਾਲਜ ਮੈਗਜ਼ੀਨ ‘ਦ ਬਿਆਸ’ ਲਈ ਲਿਖਣਾ, ਕਾਲਜ ਵੱਲੋਂ ਸਮੇਂ-ਸਮੇਂ ‘ਤੇ ਕਰਵਾਏ ਜਾਂਦੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਭਾਗ ਲੈਣਾ, ਐਨ.ਸੀ.ਸੀ., ਐਨ.ਐਸ.ਐਸ., ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਹਨ। ਸਮਾਗਮ ਦੇ ਅੰਤ ਵਿੱਚ, ਕਾਲਜ ਦੀ ਵਾਈਸ-ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਇੱਕ ਵਿਚਾਰਕ ਭਾਸ਼ਣ ਦਿੱਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਨਾਨ ਟੀਚਿੰਗ ਸਟਾਫ ਮੈਂਬਰ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।