ਸ. ਬਲਬੀਰ ਸਿੰਘ ਇੱਕ ਅਜਿਹੀ ਸੁਹਿਰਦ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਸੇਵਾ ਅਤੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਲਗਾ ਦਿੱਤਾ। ਉਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਅਗਵਾਈ ਕੀਤੀ। ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰਕੇ ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਰਦਾਰ ਬਲਬੀਰ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ, ਨਿਪੁੰਨ ਰਾਜਨੇਤਾ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਉਹਨਾਂ ਨੇ ਪੈਂਤੀ ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਲਾਇਲਪੁਰ ਖ਼ਾਲਸਾ ਕਾਲਜ ਨੇ ਉਹਨਾਂ ਦੀ ਸੁਯੋਗ ਅਗਵਾਈ ਵਿੱਚ ਹੀ ਵਿੱਦਿਆ, ਕਲਚਰਲ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਉਹਨਾਂ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਹ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕੰਪਿਊਟਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਤੇ ਅਜਿਹੀ ਕਿੱਤਾ ਮੁਖੀ ਪੜ੍ਹਾਈ ਕਾਲਜਾਂ ਵਿੱਚ ਪੜ੍ਹਾਉਣ ਵਾਸਤੇ ਮੁੱਢਲੇ ਯਤਨ ਕੀਤੇ। ਉਹਨਾਂ ਨੇ ਕੇਵਲ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੰਸਥਾਵਾਂ ਵਿੱਚ ਸੁਯੋਗ ਵਾਤਾਵਰਨ ਵੀ ਬਣਾਇਆ। ਇਸ ਵਾਸਤੇ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ, ਖੇਡਾ, ਕਲਚਰਲ ਗਤੀਵਿਧੀਆਂ, ਸਾਹਿਤਕ ਅਤੇ ਖੋਜ ਦੇ ਖੇਤਰ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ।
ਸ. ਬਲਬੀਰ ਸਿੰਘ ਇੱਕ ਨਿਪੂੰਨ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕੀਤਾ। ਉੱਤਰੀ ਭਾਰਤ ਵਿੱਚ ਨਾਮਵਰ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ੍ਹ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਨੂੰਨੀ ਸਿੱਖਿਆ, ਤਕਨੀਕੀ ਸਿੱਖਿਆ ਤੇ ਬੀ.ਐਡ. ਆਦਿ ਕਾਲਜ ਦਿੱਤੇ। ਉਨ੍ਹਾਂ ਦੀ ਦੂਰ-ਅੰਦੇਸ਼ੀ ਸੋਚ ਅਤੇ ਸੁੱਚਜੇ ਯਤਨਾ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆਂ ਜਾਂਦਾ ਹੈ। ਕਾਲਜ ਨੇ ਯੂ.ਜੀ.ਸੀ. ਵਲੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਖਿਤਾਬ ਹਾਸਲ ਕੀਤਾ ਹੈ ਅਤੇ ਤੀਜੇ ਸਾਈਕਲ ਦੀ ਨੈਕ ਵਿਚ ਕਾਲਜ ਨੇ ਏ ਗ੍ਰੇਡ ਹਾਸਲ ਕੀਤਾ। ਸ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ। ਉਹਨਾਂ ਦੀਆਂ ਪਾਈਆਂ ਲੀਹਾਂ ‘ਤੇ ਚੱਲ ਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਨਰਲ ਖੇਡ ਟ੍ਰਾਫ਼ੀ 24 ਵਾਰ ਜਿੱਤ ਚੁੱਕਾ ਹੈ। ਇਸੇ ਤਰ੍ਹਾਂ ਉਨ੍ਹਾਂ ਵਿਦਿਆਰਥੀਆਂ ਵਿੱਚ ਸਭਿਆਚਾਰਕ ਜਾਗਰੂਕਤਾ ਅਤੇ ਲੋਕ-ਕਲਾ ਨੂੰ ਬੜਾਵਾ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਹੋਰ ਕਲਾ-ਮੰਚਾਂ ’ਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਬਹੁਤ ਮਹੱਤਵ ਦਿੱਤਾ, ਜਿਸ ਸਦਕਾ ਕਾਲਜ ਨੇ ਕਲਚਰਲ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚਾਰ ਵਾਰ ਜੋਨਲ ਟ੍ਰਾਫੀ ਅਤੇ ਤਿਨ ਵਾਰ ਅੰਤਰ ਜੋਨਲ ਟ੍ਰਾਫੀ ਜਿੱਤੀ।
5 ਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ. ਬਲਬੀਰ ਸਿੰਘ ਖੁਦ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਨ। ਕਾਲਜ ਦੇ ਉਹ ਮਾਣਮੱਤੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਸਦਕਾ ਕਾਲਜ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ, ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜ਼ੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀ 5 ਦਸੰਬਰ 2024 ਨੂੰ ਕਾਲਜ ਵਿੱਚ ਦੁਪਹਿਰ 12:30 ਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਸਮੂਹ ਪੁਰਾਣੇ ਵਿਦਿਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸੁਆਗਤ ਹੈ।
ਡਾ.