ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਵਿੱਦਿਅਕ ਕਾਰਜਸ਼ਾਲਾ ਕਰਵਾਈ ਗਈ । ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਚੇਅਰਮੈਨ ਆਤਮ ਪ੍ਰਗਾਸ ਸਮਾਜ ਭਲਾਈ ਸਭਾ ਅਤੇ ਸਾਬਕਾ ਪ੍ਰਮੁੱਖ ਭੂਮੀ ਵਿਗਿਆਨੀ ਅਤੇ ਕਨੇਡਾ ਤੋਂ ਵਿਸ਼ਵ ਪੰਜਾਬੀ ਸਭਾ ਦੇ ਸੰਸਥਾਪਕ ਡਾ ਦਲਬੀਰ ਸਿੰਘ ਕਥੂਰੀਆ ਸਨ। ਆਏ ਹੋਏ ਮਹਿਮਾਨਾਂ ਦਾ ਸ ਜਸਵੰਤ ਸਿੰਘ ਖਹਿਰਾ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਮੂਹ ਸਟਾਫ਼ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ “ਜੀ ਆਇਆਂ” ਕਿਹਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਵੱਲੋਂ ਬੜੇ ਮੋਹ ਭਰੇ ਸ਼ਬਦਾਂ ਵਿੱਚ ਡਾ ਵਰਿੰਦਰਪਾਲ ਸਿੰਘ,ਡਾ ਦਲਬੀਰ ਕਥੂਰੀਆ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ ਵਰਿੰਦਰਪਾਲ ਸਿੰਘ ਨੇ ਪੰਜਾਬ ਦੀ ਵਿਰਾਸਤੀ ਵਿੱਦਿਅਕ ਪ੍ਰਣਾਲੀ ਬਾਰੇ ਆਪਣੇ ਡੂੰਘੇ ਅਨੁਭਵ ਪੇਸ਼ ਕੀਤੇ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡੀ ਵਿੱਦਿਅਕ ਪ੍ਰਣਾਲੀ ਕਿਸ ਤਰ੍ਹਾਂ ਦੀ ਸੀ। ਉਹਨਾਂ ਦੱਸਿਆ ਕਿ ਪੁਰਾਣੇ ਸਮੇਂ ਵਿੱਦਿਅਕ ਪ੍ਰਣਾਲੀ ਵਿਚ ਸਮੇਂ ਦੇ ਪਾਬੰਦ, ਗੁਰਮਤਿ ਦੇ ਨਾਲ ਜੁੜ ਕੇ ਰਹਿਣਾ, ਬਾਣੀ ਦਾ ਅਭਿਆਸ ਅਤੇ ਸ਼ਾਸਤਰ ਵਿੱਦਿਆ ਅਹਿਮ ਸੀ। ਉਸ ਸਮੇਂ ਵਿੱਦਿਅਕ ਪ੍ਰਣਾਲੀ ਕਮਾਈ ਦਾ ਸਾਧਨ ਨਹੀਂ ਸੀ। ਉਹਨਾਂ ਨੇ ਕਿਹਾ ਕਿ ਆਪਣੇ ਅਧਿਆਪਨ ਸਮੇਂ ਉਹਨਾਂ ਨੇ ਵਿਦੇਸ਼ਾਂ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਸਿਸਟਮ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇੰਗਲੈਂਡ ਵਿੱਚ ਮਿਲੇ ਗੋਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਬੁਹਮੁੱਲੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜੋ ਵਿੱਦਿਅਕ ਢਾਂਚਾ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਬ੍ਰਿਟਿਸ਼ ਸ਼ਾਸਕਾਂ ਨੇ ਆਪਣੇ ਮੁਲਕਾਂ ਵਿੱਚ ਲਾਗੂ ਕੀਤਾ। ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਉਹਨਾਂ ਨੇ ਪਾਠਕਾਂ ਨਾਲ ਸਾਂਝਾ ਕੀਤਾ। ਇਹ ਵਰਕਸ਼ਾਪ ਤਕਰੀਬਨ ਚਾਰ ਘੰਟੇ ਚਲਦੀ ਰਹੀ। ਅਧਿਆਪਕਾਂ ਅਤੇ ਬੱਚਿਆਂ ਦੁਆਰਾ ਬਹੁਤ ਸੁਆਲ ਜੁਆਬ ਕੀਤੇ ਗਏ। ਬੱਚਿਆਂ ਅਤੇ ਅਧਿਆਪਕਾਂ ਨਾਲ ਪੂਰਾ ਹਾਲ ਗੱਚਾਗੱਚ ਭਰਿਆ ਪਿਆ ਡਾ ਵਰਿੰਦਰਪਾਲ ਸਿੰਘ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ। ਉਹਨਾਂ ਦੱਸਿਆ ਕਿ ਉਹ ਤੀਹ ਏਕੜ ਦੀ ਜ਼ਮੀਨ ਲੈ ਕੇ ਸਕੂਲ ਖੋਲ੍ਹਣ ਜਾ ਰਹੇ ਹਨ ਜਿੱਥੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਪੁਰਾਣੀ ਵਿੱਦਿਅਕ ਪ੍ਰਣਾਲੀ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ, ਅਧਿਆਪਕਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਸ ਕਾਰਜ ਲਈ ਜੋ ਵੀ ਜੁੜਨਾ ਚਾਹੁੰਦਾ ਹੈ, ਜੁੜ ਸਕਦੇ ਹਨ। ਉਹਨਾਂ ਨੇ ਗਹਿਰੀ ਚਿੰਤਾਂ ਜਤਾਈ ਕਿ ਸਾਡੇ ਲੋਕ ਹੀ ਨਹੀਂ ਬਲਕਿ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਵਿਚ ਅਜਿਹੇ ਸ਼ਬਦ ਹਨ ਜੋ ਪੰਜਾਬੀ ਦੇ ਨਹੀਂ ਬਲਕਿ ਅੰਗਰੇਜ਼ੀ ਭਾਸ਼ਾ ਦੇ ਹਨ। ਆਪਣੇ ਭਾਸ਼ਣ ਦੇ ਅਖ਼ੀਰ ਵਿਚ ਭਾਸ਼ਾ ਵਿਗਿਆਨੀਆ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਵਿਚਾਰ ਕਰਨ। ਉਸ ਤੋਂ ਬਾਅਦ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾ ਦਲਬੀਰ ਕਥੂਰੀਆ ਜੋ ਕਿ ਪੰਜਾਬੀ ਮਾਂ ਬੋਲੀ ਦੇ ਉੱਪਰ ਬਹੁਤ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਂ ਕਨੇਡਾ ਤੋਂ ਤਕਰੀਬਨ ਪੰਜਾਹ ਸਾਲਾਂ ਤੋਂ ਰਹਿ ਰਿਹਾ ਹੈ ਅਤੇ ਆਪਣਾਂ ਬਿਜ਼ਨਸ ਕਰ ਰਿਹਾ ਹਾਂ। ਕੰਮ ਕਰਕੇ ਵਿਦੇਸ਼ਾਂ ਵਿਚ ਜਾਣਾ ਪੈਂਦਾ ਜਿੱਥੇ ਉਹਨਾਂ ਨੇ ਦੱਸਿਆ ਕਿ ਲੋਕ ਆਪਣੀ ਮਾਂ ਬੋਲੀ ਵਿਚ ਗੱਲ ਕਰਨਾ ਮਾਣ ਵਾਲੀ ਗੱਲ ਸਮਝਦੇ ਹਨ। ਉਹਨਾਂ ਕਿਹਾ ਕਿ ਭਾਸ਼ਵਾਂ ਸਾਰੀਆਂ ਸਿੱਖੋ ਪਰ ਆਪਣੀ ਮਾਂ ਬੋਲੀ ਬੋਲਣ ਲੱਗੇ ਕਦੇ ਸ਼ਰਮ ਨਾ ਕਰੋ। ਕਿਉਂਕਿ ਸਾਡੀ ਗੁਰਬਾਣੀ ਗੁਰੂ ਸਾਹਿਬਾਨ ਨੇ ਗੁਰਮੁਖੀ ਵਿਚ ਲਿਖੀ ਹੈ ਅਤੇ ਸਾਨੂੰ ਮਾਣ ਕਰਨਾ ਚਾਹੀਦਾ । ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਆਖ਼ੀਰ ਵਿੱਚ ਸ ਜਸਵੰਤ ਸਿੰਘ ਖਹਿਰਾ ਵੱਲੋਂ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਇਹਨਾਂ ਮੁੱਖ ਮਹਿਮਾਨਾਂ ਡਾ ਵਰਿੰਦਰਪਾਲ ਸਿੰਘ, ਡਾ ਦਲਬੀਰ ਸਿੰਘ ਕਥੂਰੀਆ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਅਕਾਲ ਕਾਲਜ ਕੌਂਸਲ ਵੱਲੋਂ ਸਨਮਾਨ ਕੀਤਾ ਗਿਆ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਇਹਨਾਂ ਸੰਸਥਾਵਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।ਇਸ ਸਮੇਂ ਪ੍ਰੋ ਜੋਗਾ ਸਿੰਘ ਭਾਸ਼ਾ ਵਿਗਿਆਨੀ, ਸ ਗੁਰਜੀਤ ਸਿੰਘ ਰੌਮਾਨਾ, ਪ੍ਰਿੰ ਸਤਵੀਰ ਸਿੰਘ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਧੂਰੀ, ਸ ਜਸਵਿੰਦਰ ਬਿੱਟਾ ਪ੍ਰਾਈਮ ਏਸ਼ੀਆ ਪੱਤਰਕਾਰ, ਪ੍ਰਿੰਸੀਪਲ ਡਾ ਗੀਤਾ ਠਾਕੁਰ ਫਿਜੀਕਲ ਕਾਲਜ, ਪ੍ਰਿੰਸੀਪਲ ਡਾ ਅਮਨਦੀਪ ਕੌਰ ਅਕਾਲ ਡਿਗਰੀ ਕਾਲਜ, ਪ੍ਰਿੰਸੀਪਲ ਡਾ ਸੁਖਦੀਪ ਕੌਰ ਅਕਾਲ ਕਾਲਜ ਆਫ਼ ਐਜੂਕੇਸ਼ਨ, ਪ੍ਰਿੰਸੀਪਲ ਵਿਜੇ ਪਲਾਹਾ ਸੰਤ ਅਤਰ ਸਿੰਘ ਅਕਾਲ ਅਕੈਡਮੀ, ਪ੍ਰਿੰਸੀਪਲ ਗੁਰਪ੍ਰੀਤ ਕੌਰ ਅਕਾਲ ਕਾਲਜ ਬੀ ਫਾਰਮੇਸੀ ਐਂਡ ਟੈਕਨੀਕਲ, ਪ੍ਰਿੰਸੀਪਲ ਜਸਪਾਲ ਸਿੰਘ ਡੀ ਫਾਰਮੇਸੀ ,ਡਾ ਨਿਰਪਜੀਤ ਸਿੰਘ, ਅਜੀਤ ਦਫ਼ਤਰ ਤੋਂ ਸੁਖਵਿੰਦਰ ਸਿੰਘ ਫੁੱਲ ,ਪ੍ਰੀਤ ਹੀਰ ਅਤੇ ਸਮੂਹ ਸਟਾਫ਼ ਹਾਜ਼ਰ ਸਨ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋ ਅਮਨਦੀਪ ਕੌਰ (ਬੀ ਫਾਰਮੇਸੀ) ਵੱਲੋਂ ਬਾਖੂਬੀ ਨਿਭਾਈ ਗਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।