
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਏ. ਅੰਗਰੇਜ਼ੀ ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਸਾਕਸ਼ੀ ਸ਼ਰਮਾ ਨੇ 400 ਵਿਚੋਂ 296 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥਣ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ, ਛੁਪੀ ਪ੍ਰਤਿਭਾ ਨੂੰ ਖੋਜਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਹੋਣਹਾਰ ਮੈਰਿਟ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਕਾਲਜ ਵਲੋਂ ਹਰ ਤਰ੍ਹਾਂ ਦੀ ਸਹੂਲਤ ਤੋਂ ਇਲਾਵਾ ਫੀਸਾਂ ਵਿਚ ਵੀ ਭਾਰੀ ਰਿਆਇਤ ਦਿੰਦਾ ਹੈ। ਵਾਈਸ ਪ੍ਰਿੰਸੀਪਲ ਅਤੇ ਮੁਖੀ ਵਿਭਾਗ ਪ੍ਰੋ: ਜਸਰੀਨ ਕੌਰ ਨੇ ਕਿਹਾ ਕਿ ਵਿਭਾਗ ਆਪਣੇ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਦਾ। ਉਨ੍ਹਾਂ ਇਸ ਪ੍ਰਾਪਤੀ ‘ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਬਲਰਾਜ ਕੌਰ, ਪ੍ਰੋ. ਆਹੂਜਾ ਸੰਦੀਪ, ਡਾ. ਗੀਤਾਂਜਲੀ ਮਹਾਜਨ, ਡਾ. ਮੰਜੂ ਜੋਸ਼ੀ ਅਤੇ ਪ੍ਰੋ. ਸਤਪਾਲ ਸਿੰਘ ਵੀ ਹਾਜ਼ਰ ਸਨ।