
ਜਲੰਧਰ (09-03-2026): ਗਲੋਕੋਮਾ(ਕਾਲਾ ਮੋਤੀਆ) ਦੇ ਸੰਬੰਧ ਵਿੱਚ ਸਿਹਤ ਵਿਭਾਗ ਵਲੋਂ 08 ਮਾਰਚ ਤੋਂ 14 ਮਾਰਚ 2026 ਤੱਕ “ਵਿਸ਼ਵ ਗਲੋਕੋਮਾ ਹਫਤਾ” ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਿਵਲ ਸਰਜਨ ਦਫਤਰ ਵਿਖੇ ਸੋਮਵਾਰ ਨੂੰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋਂ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਗਿਆ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਇਸ ਦਿਵਸ ਨੂੰ “ਗਲੋਕੋਮਾ (ਕਾਲਾ ਮੋਤੀਆ) ਮੁਕਤ ਸੰਸਾਰ ਲਈ ਇੱਕਜੁੱਟ ਹੋਈਏ (Uniting for a Glaucoma -free World)” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗਲੋਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਸਮੇਂ ਸਿਰ ਇਸਦਾ ਪਤਾ ਚੱਲ ਜਾਵੇ ਇਸ ਲਈ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚਾ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜ਼ਰੂਰ ਕਰਵਾਓ। ਉਨ੍ਹਾਂ ਕਿਹਾ ਕਿ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ। ਗਲੋਕੋਮਾ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਹੋਣ ‘ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੋਂ ਆਪਣੀਆਂ ਅੱਖਾਂ ਦਾ ਦਬਾਅ (ਪ੍ਰੈਸ਼ਰ) ਚੈਕ ਕਰਵਾਓ।
ਸਿਵਲ ਸਰਜਨ ਨੇ ਕਿਹਾ ਕਿ ਪਰਿਵਾਰਕ ਮੈਂਬਰ ਨੂੰ ਡਾਇਬਟੀਜ/ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਅਰਾਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਗਲੋਕੋਮਾ/ਕਾਲੇ ਮੋਤੀਏ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਆਪਣੀਆਂ ਅੱਖਾਂ ਦੀ ਜਾਂਚ ਨਿਯਮਤ ਸਮੇਂ ‘ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਲੋਕੋਮਾ ਮੁਕਤ ਸੰਸਾਰ ਲਈ ਸਾਨੂੰ ਸਭ ਨੂੰ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਸਹਾਇਕ ਸਿਹਤ ਅਫਸਰ ਡਾ. ਮੀਰਾ, ਜਿਲ੍ਹਾ ਡੈਂਟਲ ਹੈਲਥ ਅਫਸਰ ਡਾ. ਬਲਜੀਤ ਰੂਬੀ, ਐਸ.ਐਮ.ਓ. ਆਈ. ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੋਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।