ਜਦੋਂ ਵੀ ਕਿਤੇ ਲਾਇਲਪੁਰ ਖ਼ਾਲਸਾ ਕਾਲਜ ਜਾਂ ਇਸ ਨਾਲ ਸਬੰਧਿਤ ਸੰਸਥਾਵਾਂ ਦਾ ਜ਼ਿਕਰ ਹੁੰਦਾ ਹੈ ਸਰਦਾਰ ਬਲਬੀਰ ਸਿੰਘ ਦਾ ਨਾਂ ਬੜੇ ਸਤਿਕਾਰ ਅਤੇ ਮਾਣ ਨਾਲ ਲਿਆ ਜਾਂਦਾ ਹੈ। ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨਾਂ ਨੇ ਆਪਣਾ ਤਨ, ਮਨ, ਧਨ ਅਤੇ ਸਾਰਾ ਜੀਵਨ ਹੀ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ। ਉਹ ਇੱਕ ਨਿਪੁੰਨ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਉੱਘੇ ਸਿੱਖਿਆ-ਸ਼ਾਸਤਰੀ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਸ. ਬਲਬੀਰ ਸਿੰਘ ਨੇ ਬਤੌਰ ਮੰਤਰੀ ਅਤੇ ਸੰਸਦ ਮੈਂਬਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਕੰਮ ਨੂੰ ਬੜੀ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਕੀਤਾ। ਉਹ ਕਾਲਜਾਂ ਦੀਆਂ ਮੈਨੇਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ-ਸਮੇਂ ਤੋਂ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹੇ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋਕ ਹਿਤਾਇਸ਼ੀ ਕਦਰਾਂ ਕੀਮਤਾਂ ਨੂੰ ਪ੍ਰਫੁਲਤ ਕਰਨ ਲਈ ਲਗਾਇਆ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਿੱਖਿਆ ਨੂੰ ਸਮਰਪਿਤ ਹੋ ਕੇ ਵਿਦਿਆਰਥੀ ਭਲਾਈ ਵਾਸਤੇ ਨਿੱਠ ਕੇ ਕੰਮ ਕੀਤਾ। ਉਨਾਂ ਨੇ ਲਾਇਲਪੁਰ ਖਾਲਸਾ ਸੰਸਥਾਵਾਂ ਖੋਲ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਾਨੂੰਨੀ ਸਿੱਖਿਆ, ਤਕਨੀਕੀ ਸਿੱਖਿਆ, ਆਦਿ ਪ੍ਰਦਾਨ ਕਰਨ ਲਈ, ਸਕੂਲ, ਡਿਗਰੀ ਕਾਲਜ ਅਤੇ ਬੀ.ਐਡ. ਕਾਲਜ ਖੋਲੇ। ਉਹਨਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਕਾਲਜ ਗਵਰਨਿੰਗ ਕੌਂਸਿਲ ਨੇ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿਆ ਜੋ ਹੁਣ ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ 35 ਸਾਲ ਉਚੇਰੀ ਸਿੱਖਿਆ ਨੂੰ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਦੀ ਅਗਵਾਈ ਵਿੱਚ ਕਾਲਜ ਨੇ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਆਪਣਾ ਸ਼ਾਨਾਮੱਤਾ ਇਤਿਹਾਸ ਸਿਰਜਿਆ। ਸ. ਬਲਬੀਰ ਸਿੰਘ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿੱਚ ਇੱਕ ਉੱਘੇ ਸਿੱਖਿਆ ਸ਼ਾਸਤਰੀ ਵਜੋਂ ਮੋਹਰੀ ਭੂਮਿਕਾ ਨਿਭਾਈ। ਉਹ ਕੰਪਿਊਟਰ ਦੀ ਵਿੱਦਿਆ ਕਾਲਜ ਪੱਧਰ ‘ਤੇ ਸੁਰੂ ਕਰਨ ਬਾਰੇ ਸੋਚਣ ਵਾਲੇ ਅਤੇ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਸ਼ੁਰੂ ਕਰਨ ਵਾਲੇ ਖੇਤਰ ਦੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਕੇਵਲ ਵਿਦਿਅਕ ਸੰਸਥਾਵਾਂ ਸ਼ੁਰੂ ਹੀ ਨਹੀਂ ਕੀਤੀਆਂ, ਸਗੋਂ ਵਿੱਦਿਆ ਦੇ ਖੇਤਰ ਵਿੱਚ ਅਜਿਹੇ ਮਿਆਰ ਵੀ ਸਥਾਪਤ ਕੀਤੇ, ਜਿਸ ਨਾਲ ਵਿਦਿਆਰਥੀਆਂ ਦੇ ਜੀਵਨ ਦਾ ਸਰਵ-ਪੱਖੀ ਵਿਕਾਸ ਹੋ ਸਕੇ। ਇਸ ਲਈ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਖੋਜ, ਸਾਹਿਤਕ, ਖੇਡਾਂ ਅਤੇ ਕਲਚਰਲ ਗਤੀਵਿਧੀਆਂ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਉਹਨਾਂ ਦੇ ਸੁਫਨਿਆਂ ਤੇ ਉਨ੍ਹਾਂ ਦੁਆਰਾ ਪਾਈਆਂ ਲੀਹਾਂ ਦੀ ਬਦੌਲਤ ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਵਿਚ ਆਉਂਦੇ ਹਨ। ਉਹਨਾਂ ਦੁਆਰਾ ਪਾਏ ਪੂਰਨਿਆਂ ਸਦਕਾ ਕਾਲਜ ਨੇ ਖੇਡਾਂ ਦੇ ਖੇਤਰ ਵਿਚ 24 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਨਰਲ ਚੈਂਪੀਅਨਸ਼ਿਪ ਟ੍ਰਾਫੀ ਜਿੱਤੀ। ਸ. ਬਲਬੀਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਸੇ ਕਰਕੇ ਵਿੱਦਿਆ ਅਤੇ ਰਾਜਨੀਤੀ ਦੀਆਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵੀ ਉਹ ਦੋਹਾਂ ਖੇਤਰਾਂ ਵਿੱਚ ਅਣਥੱਕ ਤੇ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ। ਉਹ ਪੰਜਾਬ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ, 1992 ਤੋਂ 1998 ਤੱਕ ਰਾਜ ਸਭਾ ਮੈਂਬਰ ਰਹੇ ਅਤੇ 1999 ਤੋਂ 2004 ਤੱਕ ਲੋਕ ਸਭਾ ਦੇ ਮੈਂਬਰ ਰਹੇ ਅਤੇ 2005 ਤੋਂ 2008 ਤੱਕ ਐਨ.ਆਰ.ਆਈ ਸਭਾ ਪੰਜਾਬ ਦੇ ਪੈਟਰਨ ਰਹੇ। ਇਸ ਤੋਂ ਇਲਾਵਾਂ ਉਹ ਪੰਜਾਬ ਕਬੱਡੀ ਐਸੋਸੀਏਸ਼ਨ ਦੇ 1994 ਤੋਂ 2008 ਤੱਕ ਚੇਅਰਮੈਨ ਵੀ ਰਹੇ।ਇੰਨੇ ਉੱਚ ਅਤੇ ਸ੍ਰੇਸ਼ਠ ਅਹੁਦਿਆਂ ਤੇ ਰਹਿੰਦਿਆ ਹੋਇਆ ਵੀ ਉਹ ਆਪਣੇ-ਆਪ ਨੂੰ ਨਿਮਰ ਰੱਖਦੇ ਸਨ। ਉਹ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਵੀ ਸਨ ਇਸ ਕਰਕੇ ਉਹਨਾਂ ਨੂੰ ਇਸ ਸੰਸਥਾ ਨਾਲ ਅੰਤਾਂ ਦਾ ਮੋਹ ਸੀ। ਉਚੇਰੀ ਸਿੱਖਿਆ ਬਾਰੇ ਜਦੋਂ ਵੀ ਕੋਈ ਗੱਲ ਹੁੰਦੀ ਤਾਂ ਉਹਨਾਂ ਦੇ ਜਿਹਨ ਵਿੱਚ ਆਪਣਾ ਵਿਦਿਆਰਥੀ ਜੀਵਨ ਤੇ ਕਾਲਜ ਹੀ ਆਉਂਦਾ ਸੀ। ਇਸੇ ਕਰਕੇ ਉਹ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਸਰਕਾਰ ਵਿੱਚ ਮੰਤਰੀ ਹੁੰਦੇ ਹੋਏ ਕਾਲਜਾਂ ਵਿਚ ਵਿਦਿਆਰਥੀ ਕੇਂਦਰ ਯੋਜਨਾਵਾਂ ਨੂੰ ਨਵੀਂ ਦਿਸ਼ਾ ਦਿੰਦੇ ਰਹੇ।
5 ਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਾਲਜ ਦੇ ਪੁਰਾਣੇ ਵਿਦਿਆਰਥੀ ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀ 5 ਦਸੰਬਰ 2023 ਨੂੰ ਕਾਲਜ ਵਿੱਚ 2:30 ਵਜੇ ਬਾਅਦ ਦੁਪਿਹਰ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਲਾਇਲਪੁਰ ਖਾਲਸਾ ਕਾਲਜ ਸ. ਬਲਬੀਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਨੂੰ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾ ਕੇ ਅਤਿਅੰਤ ਮਾਣ ਮਹਿਸੂਸ ਕਰਦਾ ਹੈ l ਸਮੂਹ ਪੁਰਾਣੇ ਵਿਦਿਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸੁਆਗਤ ਹੈ।